ਅੰਮ੍ਰਿਤਸਰ ਸਰਹੱਦ 'ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ, AK-47 ਤੇ 25 ਪਿਸਤੌਲਾਂ ਸਣੇ ਇਕ ਕਾਬੂ

ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ ਹੈ। BSF ਦੀ 117 ਬਟਾਲੀਅਨ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਿੰਡ ਹਰੜ ਖੁੜਦ ਨੇੜੇ ਇੱਕ ਭਾਰਤੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਇਹ ਬਰਾਮਦਗੀ ਹੋਈ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ ਹੈ। BSF ਦੀ 117 ਬਟਾਲੀਅਨ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਿੰਡ ਹਰੜ ਖੁੜਦ ਨੇੜੇ ਇੱਕ ਭਾਰਤੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਇਹ ਬਰਾਮਦਗੀ ਹੋਈ ਹੈ।

ਬਰਾਮਦ ਕੀਤੇ ਹਥਿਆਰਾਂ ਦਾ ਵੇਰਵਾ
ਵੀਰਵਾਰ ਰਾਤ ਨੂੰ ਚਲਾਏ ਗਏ ਇਸ ਵਿਸ਼ੇਸ਼ ਆਪ੍ਰੇਸ਼ਨ ਦੌਰਾਨ BSF ਨੇ ਇਕ AK-47 ਰਾਈਫਲ, 25 ਪਿਸਤੌਲ ਤੇ 47 ਮੈਗਜ਼ੀਨ, ਇਕ ਬੁਲੇਟਪਰੂਫ ਜੈਕਟ, 368 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਗੈਂਗਸਟਰਾਂ ਵਿਰੁੱਧ ਵੀ ਸਖ਼ਤ ਕਾਰਵਾਈ
ਇਸ ਦੇ ਨਾਲ ਹੀ ਇੱਕ ਹੋਰ ਆਪ੍ਰੇਸ਼ਨ ਵਿੱਚ ਪੁਲਸ ਨੇ ਸਰਹੱਦੀ ਖੇਤਰ ਨਾਲ ਜੁੜੇ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਪਾਕਿਸਤਾਨੀ ਮੂਲ ਦੀਆਂ 10 ਪਿਸਤੌਲਾਂ ਬਰਾਮਦ ਹੋਈਆਂ ਹਨ। ਜਨਵਰੀ ਤੋਂ ਜੂਨ 2026 ਤੱਕ ਦੇ ਅੰਕੜਿਆਂ ਮੁਤਾਬਕ ਹੁਣ ਤੱਕ 35 ਤੋਂ ਵੱਧ ਪਿਸਤੌਲਾਂ, 8 ਹੈਂਡ ਗ੍ਰਨੇਡ ਅਤੇ 110 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਜਾ ਚੁੱਕੇ ਹਨ।

ਸਰਹੱਦ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਡੀ.ਆਈ.ਜੀ. ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਹੱਦੀ ਖੇਤਰਾਂ ਵਿੱਚ ਐਂਟੀ-ਡਰੋਨ ਸਿਸਟਮ ਲਗਾਏ ਗਏ ਹਨ। ਹਾਲਾਂਕਿ ਹੁਣ ਸਮੱਗਲਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਜੀ.ਪੀ.ਐੱਸ. ਸਿਸਟਮ ਦੀ ਵਰਤੋਂ ਕਰ ਰਹੇ ਹਨ, ਪਰ ਪੰਜਾਬ ਪੁਲਸ ਤੇ BSF ਦੀ ਸਾਂਝੀ ਮੁਸਤੈਦੀ ਕਾਰਨ ਸਥਿਤੀ 'ਚ ਕਾਫ਼ੀ ਸੁਧਾਰ ਹੋਇਆ ਹੈ। 

ਫਿਲਹਾਲ ਫੜੇ ਗਏ ਭਾਰਤੀ ਨਾਗਰਿਕ ਤੋਂ 117 ਬਟਾਲੀਅਨ ਦੀ ਹਿਰਾਸਤ ਵਿਚ ਪੁੱਛਗਿੱਛ ਜਾਰੀ ਹੈ ਤਾਂ ਜੋ ਇਸ ਨੈੱਟਵਰਕ ਦੇ ਪਿੱਛੇ ਮੌਜੂਦ ਹੋਰ ਲੋਕਾਂ ਅਤੇ ਹਥਿਆਰਾਂ ਨੂੰ ਇਕੱਠਾ ਕਰਨ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ।