ਜਲੰਧਰ ਦੇ ਅਰਜੁਨ ਰਾਜਪੂਤ ਨੇ ਚਮਕਾਇਆ ਨਾਂ! ਭਾਰਤੀ ਅੰਡਰ-19 ਕ੍ਰਿਕਟ ਟੀਮ 'ਚ ਹੋਈ ਚੋਣ

ਜਲੰਧਰ ਦੇ ਰਾਮ ਨਗਰ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਅਰਜੁਨ ਰਾਜਪੂਤ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾ ਕੇ ਪੂਰੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਅਰਜੁਨ ਦੀ ਇਸ ਲਾਸਾਨੀ ਉਪਲਬਧੀ ਨਾਲ ਸ਼ਹਿਰ ਦੇ ਖੇਡ ਪ੍ਰੇਮੀਆਂ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜਲੰਧਰ: ਜਲੰਧਰ ਦੇ ਰਾਮ ਨਗਰ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਅਰਜੁਨ ਰਾਜਪੂਤ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾ ਕੇ ਪੂਰੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਅਰਜੁਨ ਦੀ ਇਸ ਲਾਸਾਨੀ ਉਪਲਬਧੀ ਨਾਲ ਸ਼ਹਿਰ ਦੇ ਖੇਡ ਪ੍ਰੇਮੀਆਂ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਪਿਤਾ ਲਗਾਉਂਦੇ ਹਨ ਛੋਲੇ-ਕੁਲਚੇ ਦੀ ਰੇਹੜੀ
ਅਰਜੁਨ ਦਾ ਇਸ ਮੁਕਾਮ ਤੱਕ ਦਾ ਸਫਰ ਬੇਹੱਦ ਸੰਘਰਸ਼ਪੂਰਨ ਰਿਹਾ ਹੈ। ਉਸ ਦੇ ਪਿਤਾ, ਹੋਤੀ ਰਾਮ, ਜਲੰਧਰ ਦੇ ਡੀਏਵੀ ਕਾਲਜ ਨੇੜੇ ਛੋਲੇ-ਕੁਲਚੇ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਸੀਮਤ ਆਮਦਨ ਹੋਣ ਦੇ ਬਾਵਜੂਦ, ਹੋਤੀ ਰਾਮ ਨੇ ਆਪਣੇ ਪੁੱਤਰ ਦੇ ਕ੍ਰਿਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ ਅਤੇ ਹਰ ਸੰਭਵ ਕੋਸ਼ਿਸ਼ ਕੀਤੀ।

ਕੂਚ ਬਿਹਾਰ ਟਰਾਫੀ 'ਚ ਜੜਿਆ ਸ਼ਾਨਦਾਰ ਸੈਂਕੜਾ
ਆਕਰਮਕ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਅਰਜੁਨ ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਸ ਨੇ ਪਹਿਲਾਂ ਵੀ ਅੰਡਰ-14 ਅਤੇ ਅੰਡਰ-16 ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਸੀ। ਹਾਲ ਹੀ ਵਿੱਚ, ਕੂਚ ਬਿਹਾਰ ਟਰਾਫੀ ਇਲੀਟ ਮੁਕਾਬਲੇ ਵਿੱਚ ਪੰਜਾਬ ਵੱਲੋਂ ਖੇਡਦਿਆਂ ਉਸ ਨੇ ਸੌਰਾਸ਼ਟਰ ਖ਼ਿਲਾਫ਼ 121 ਦੌੜਾਂ ਦੀ ਯਾਦਗਾਰ ਪਾਰੀ ਖੇਡੀ, ਜਿਸ ਨੇ ਉਸ ਦੇ ਭਾਰਤੀ ਟੀਮ ਵਿੱਚ ਜਾਣ ਦਾ ਰਸਤਾ ਸਾਫ਼ ਕਰ ਦਿੱਤਾ।

ਸੱਤ ਸਾਲ ਦੀ ਉਮਰ 'ਚ ਫੜਿਆ ਸੀ ਬੈਟ
ਅਰਜੁਨ ਨੇ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਦੇ ਮੈਦਾਨ ਵਿੱਚ ਕਦਮ ਰੱਖ ਦਿੱਤਾ ਸੀ। ਉਸ ਦੇ ਪਹਿਲੇ ਕੋਚ ਵਿਕਰਮ ਸਿੱਧੂ ਨੇ ਅਰਜੁਨ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਪਹਿਲਾ ਬੈਟ ਖਰੀਦ ਕੇ ਦਿੱਤਾ ਸੀ। ਅਰਜੁਨ ਦੀ ਇਸ ਚੋਣ 'ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਨੇ ਉਸ ਨੂੰ ਇਸ ਮਾਣਮੱਤੇ ਮੁਕਾਮ 'ਤੇ ਪਹੁੰਚਾਇਆ ਹੈ।