AI 'ਤੇ ਅਮਰੀਕਾ ਦਾ ਵੱਡਾ ਐਕਸ਼ਨ! ਵਿਦੇਸ਼ੀ ਯੂਜ਼ਰਸ ਲਈ ਐਂਥਰੋਪਿਕ ਦੀਆਂ ਐਡਵਾਂਸਡ ਸੇਵਾਵਾਂ ਬੈਨ

ਅਮਰੀਕਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਚੁੱਕਦਿਆਂ ਪ੍ਰਮੁੱਖ AI ਕੰਪਨੀ ‘ਐਂਥਰੋਪਿਕ’ (Anthropic) ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਯਾਤ ਕੰਟਰੋਲ ਨਿਯਮਾਂ ਦੇ ਤਹਿਤ ਹੁਣ ਵਿਦੇਸ਼ੀ ਨਾਗਰਿਕਾਂ, ਕਰਮਚਾਰੀਆਂ ਅਤੇ ਕਿਸੇ ਵੀ ਗੈਰ-ਅਮਰੀਕੀ ਸੰਸਥਾ ਦੇ ਐਂਥਰੋਪਿਕ ਦੇ ਐਡਵਾਂਸਡ AI ਪ੍ਰੋਗਰਾਮਾਂ ਤੱਕ ਪਹੁੰਚ ਕਰਨ 'ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ।
ਵਾਸ਼ਿੰਗਟਨ: ਅਮਰੀਕਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਚੁੱਕਦਿਆਂ ਪ੍ਰਮੁੱਖ AI ਕੰਪਨੀ ‘ਐਂਥਰੋਪਿਕ’ (Anthropic) ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਯਾਤ ਕੰਟਰੋਲ ਨਿਯਮਾਂ ਦੇ ਤਹਿਤ ਹੁਣ ਵਿਦੇਸ਼ੀ ਨਾਗਰਿਕਾਂ, ਕਰਮਚਾਰੀਆਂ ਅਤੇ ਕਿਸੇ ਵੀ ਗੈਰ-ਅਮਰੀਕੀ ਸੰਸਥਾ ਦੇ ਐਂਥਰੋਪਿਕ ਦੇ ਐਡਵਾਂਸਡ AI ਪ੍ਰੋਗਰਾਮਾਂ ਤੱਕ ਪਹੁੰਚ ਕਰਨ 'ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ।

Fable 5 ਤੇ Mythos 5 ਸੇਵਾਵਾਂ ਹੋਈਆਂ ਪ੍ਰਭਾਵਿਤ
ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਕੰਪਨੀ ਦੇ ਸਭ ਤੋਂ ਉੱਨਤ ਮਾਡਲਾਂ Fable 5 ਅਤੇ Mythos 5 'ਤੇ ਪਿਆ ਹੈ। ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰੀ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਹ ਤਤਕਾਲ ਪ੍ਰਭਾਵ ਨਾਲ ਆਪਣੇ ਸਾਰੇ ਗਾਹਕਾਂ ਲਈ ਇਨ੍ਹਾਂ ਖਾਸ ਮਾਡਲਾਂ ਦੀਆਂ ਸੇਵਾਵਾਂ ਬੰਦ ਕਰ ਰਹੇ ਹਨ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ Claude ਦੇ ਹੋਰ ਸਾਰੇ ਮਾਡਲਾਂ ਦੀ ਪਹੁੰਚ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।

ਸਾਈਬਰ ਸੁਰੱਖਿਆ ਲਈ ਤਿਆਰ ਕੀਤੇ ਗਏ ਸਨ ਇਹ ਮਾਡਲ
ਜ਼ਿਕਰਯੋਗ ਹੈ ਕਿ ਐਂਥਰੋਪਿਕ ਨੇ ਹਾਲ ਹੀ ਵਿੱਚ Mythos 5 ਮਾਡਲ ਲਾਂਚ ਕੀਤਾ ਸੀ, ਜਿਸ ਨੂੰ ਆਮ ਜਨਤਾ ਲਈ Fable 5 ਦੇ ਨਾਂ ਨਾਲ ਪੇਸ਼ ਕੀਤਾ ਗਿਆ ਸੀ। ਇਸ ਮਾਡਲ ਨੂੰ ਵਿਸ਼ੇਸ਼ ਤੌਰ 'ਤੇ ਸਰਕਾਰੀ ਅਦਾਰਿਆਂ ਅਤੇ ਚੋਣਵੀਆਂ ਕੰਪਨੀਆਂ ਲਈ ਸਾਈਬਰ ਸੁਰੱਖਿਆ ਅਤੇ ਗੁੰਝਲਦਾਰ ਸੌਫਟਵੇਅਰ ਕੋਡਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ।

ਕੰਪਨੀ ਵੱਲੋਂ ਗਲਤਫਹਿਮੀ ਦੂਰ ਕਰਨ ਦੀ ਕੋਸ਼ਿਸ਼
ਇਸ ਅਚਾਨਕ ਲਗਾਈ ਗਈ ਰੋਕ ਕਾਰਨ ਹੋਣ ਵਾਲੀ ਪਰੇਸ਼ਾਨੀ ਲਈ ਐਂਥਰੋਪਿਕ ਨੇ ਆਪਣੇ ਗਾਹਕਾਂ ਤੋਂ ਮੁਆਫੀ ਮੰਗੀ ਹੈ। ਕੰਪਨੀ ਦਾ ਅਨੁਮਾਨ ਹੈ ਕਿ ਇਹ ਸ਼ਾਇਦ ਕਿਸੇ ਕਿਸਮ ਦੀ ਗਲਤਫਹਿਮੀ ਕਾਰਨ ਹੋਇਆ ਹੈ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਕੇ ਅਤੇ ਗਲਤਫਹਿਮੀਆਂ ਨੂੰ ਦੂਰ ਕਰਕੇ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ।