ਅਮਰੀਕੀ ਏਜੰਸੀ FBI ਦਾ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, ਜੱਗੂ ਭਗਵਾਨਪੁਰੀਆ ਦਾ ਕਰੀਬੀ ਨਿਤੀਸ਼ ਕੌਸ਼ਲ ‘ਮੋਸਟ ਵਾਂਟੇਡ’ ਐਲਾਨ

ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ ਭਾਰਤੀ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਨਿਤੀਸ਼ ਕੌਸ਼ਲ ਨੂੰ ਆਪਣੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਏਜੰਸੀ ਨੇ ਨਿਤੀਸ਼ ਕੌਸ਼ਲ 'ਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਦਾ ਸਰਗਰਮ ਮੈਂਬਰ ਹੋਣ ਅਤੇ ਕਈ ਦੇਸ਼ਾਂ ਵਿੱਚ ਸੰਗੀਨ ਜੁਰਮਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਗਾਏ ਹਨ।
ਵਾਸ਼ਿੰਗਟਨ : ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ ਭਾਰਤੀ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਨਿਤੀਸ਼ ਕੌਸ਼ਲ ਨੂੰ ਆਪਣੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਏਜੰਸੀ ਨੇ ਨਿਤੀਸ਼ ਕੌਸ਼ਲ 'ਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਦਾ ਸਰਗਰਮ ਮੈਂਬਰ ਹੋਣ ਅਤੇ ਕਈ ਦੇਸ਼ਾਂ ਵਿੱਚ ਸੰਗੀਨ ਜੁਰਮਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਗਾਏ ਹਨ।

ਕਈ ਦੇਸ਼ਾਂ ਵਿੱਚ ਫੈਲਿਆ ਹੈ ਅਪਰਾਧਿਕ ਜਾਲ
ਐੱਫ.ਬੀ.ਆਈ. ਅਨੁਸਾਰ ਨਿਤੀਸ਼ ਕੌਸ਼ਲ ਕਤਲ, ਅਗਵਾ, ਮਾਦਕ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੀ ਸਮਗਲਿੰਗ, ਰੰਗਦਾਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਜਾਂਚ ਏਜੰਸੀ ਨੇ ਦੱਸਿਆ ਕਿ ਭਾਵੇਂ ਜੱਗੂ ਭਗਵਾਨਪੁਰੀਆ ਗੈਂਗ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ, ਪਰ ਇਸ ਦਾ ਨੈੱਟਵਰਕ ਹੁਣ ਅਮਰੀਕਾ ਦੇ ਕੈਲੀਫੋਰਨੀਆ ਸਮੇਤ ਕਈ ਦੇਸ਼ਾਂ ਤੱਕ ਫੈਲ ਚੁੱਕਾ ਹੈ।

ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ
ਰਿਪੋਰਟਾਂ ਅਨੁਸਾਰ, 25 ਜੂਨ 2026 ਨੂੰ ਲਾਸ ਏਂਜਲਸ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਨਿਤੀਸ਼ ਕੌਸ਼ਲ ਦੇ ਖਿਲਾਫ RICO (ਰੈਕੇਟੀਅਰ ਇਨਫਲੂਐਂਸਡ ਐਂਡ ਕਰੱਪਟ ਆਰਗੇਨਾਈਜ਼ੇਸ਼ਨ) ਸਾਜ਼ਿਸ਼ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਉਸ 'ਤੇ ਗੈਂਗ ਵੱਲੋਂ ਹਿੰਸਕ ਵਾਰਦਾਤਾਂ ਅਤੇ ਹਮਲੇ ਕਰਨ ਦੇ ਦੋਸ਼ ਹਨ।

‘ਓਪਰੇਸ਼ਨ ਹਾਰਡ ਬਾਲ’ ਤਹਿਤ ਵੱਡੀ ਕਾਰਵਾਈ
ਨਿਤੀਸ਼ ਕੌਸ਼ਲ ਵਿਰੁੱਧ ਇਹ ਕਾਰਵਾਈ ‘ਓਪਰੇਸ਼ਨ ਹਾਰਡ ਬਾਲ’ (Operation Hard Ball) ਦਾ ਹਿੱਸਾ ਹੈ, ਜਿਸ ਤਹਿਤ ਅਮਰੀਕੀ ਅਤੇ ਯੂਰਪੀਅਨ ਏਜੰਸੀਆਂ ਨੇ ਮਿਲ ਕੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਸ ਮੁਹਿੰਮ ਦੌਰਾਨ ਹੁਣ ਤੱਕ 37 ਮੁਲਜ਼ਮਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ 24 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 50 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਲਗਭਗ 1000 ਕਿਲੋ ਕੋਕੀਨ, ਹੈਰੋਇਨ, ਹਥਿਆਰ ਅਤੇ ਭਾਰੀ ਨਕਦੀ ਬਰਾਮਦ ਕੀਤੀ ਗਈ ਹੈ।

ਅਮਰੀਕੀ ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੁਹਿੰਮ ਦਾ ਉਦੇਸ਼ ਉਨ੍ਹਾਂ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਖਤਮ ਕਰਨਾ ਹੈ ਜੋ ਭਾਰਤ ਤੋਂ ਚੱਲ ਕੇ ਵਿਦੇਸ਼ੀ ਧਰਤੀ 'ਤੇ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ।