ਭਿਆਨਕ ਮੋੜ 'ਤੇ ਅਮਰੀਕਾ-ਈਰਾਨ ਜੰਗ! ਕਈ ਪੁਲ ਤਬਾਹ, ਈਰਾਨ ਨੇ ਖਾੜੀ ਦੇਸ਼ਾਂ 'ਤੇ ਦਾਗੀਆਂ ਮਿਜ਼ਾਈਲਾਂ

ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਜੰਗ ਬੇਹੱਦ ਵਿਨਾਸ਼ਕਾਰੀ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਦਿੱਤੇ ਗਏ ਸਖ਼ਤ ਹੁਕਮਾਂ ਤੋਂ ਬਾਅਦ, ਅਮਰੀਕੀ ਹਵਾਈ ਸੈਨਾ ਨੇ ਅੱਜ ਤੜਕੇ ਈਰਾਨ ਦੇ ਕਈ ਪ੍ਰਮੁੱਖ ਪੁਲਾਂ ਨੂੰ ਤਬਾਹ ਕਰ ਦਿੱਤਾ ਹੈ।
ਵਾਸ਼ਿੰਗਟਨ/ਤੇਹਰਾਨ : ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਜੰਗ ਬੇਹੱਦ ਵਿਨਾਸ਼ਕਾਰੀ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਦਿੱਤੇ ਗਏ ਸਖ਼ਤ ਹੁਕਮਾਂ ਤੋਂ ਬਾਅਦ, ਅਮਰੀਕੀ ਹਵਾਈ ਸੈਨਾ ਨੇ ਅੱਜ ਤੜਕੇ ਈਰਾਨ ਦੇ ਕਈ ਪ੍ਰਮੁੱਖ ਪੁਲਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਦੇ ਜਵਾਬ ਵਿੱਚ ਈਰਾਨ ਨੇ ਵੀ ਹਮਲਾਵਰ ਰੁਖ ਅਪਣਾਉਂਦੇ ਹੋਏ ਬਹਿਰੀਨ, ਕੁਵੈਤ ਅਤੇ ਕਤਰ ਵਰਗੇ ਅਮਰੀਕੀ ਸਹਿਯੋਗੀ ਦੇਸ਼ਾਂ 'ਤੇ ਮਿਜ਼ਾਈਲਾਂ ਦੀ ਬੁਛਾੜ ਕਰ ਦਿੱਤੀ ਹੈ, ਜਿਸ ਨਾਲ ਪੂਰੇ ਖਾੜੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਈਰਾਨ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ
ਅਮਰੀਕੀ ਸੈਂਟਰਲ ਕਮਾਂਡ (CENTCOM) ਅਨੁਸਾਰ, ਇਹ ਲਗਾਤਾਰ ਛੇਵੀਂ ਰਾਤ ਸੀ ਜਦੋਂ ਅਮਰੀਕਾ ਨੇ ਈਰਾਨ 'ਤੇ ਹਵਾਈ ਹਮਲੇ ਕੀਤੇ। ਈਰਾਨੀ ਸਰਕਾਰੀ ਟੈਲੀਵਿਜ਼ਨ ਮੁਤਾਬਕ, ਦੱਖਣੀ ਹੋਰਮੋਜ਼ਗਾਨ ਸੂਬੇ ਵਿੱਚ ਪੁਲਾਂ 'ਤੇ ਹੋਏ ਹਮਲਿਆਂ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਦੱਖਣੀ ਈਰਾਨ ਵਿੱਚ 6 ਵੱਖ-ਵੱਖ ਪੁਲਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਬੰਦਰ ਅੱਬਾਸ ਨੂੰ ਜੋੜਨ ਵਾਲਾ ਅਹਿਮ ਪੁਲ 'ਬੰਦਰ ਖਮੀਰ' ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਅਮਰੀਕਾ ਨੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਉਤਪਾਦਨ ਕੇਂਦਰ 'ਸੇਮਨਾਨ' ਅਤੇ ਰਾਜਧਾਨੀ ਤੇਹਰਾਨ ਵਿੱਚ ਵੀ ਹਮਲੇ ਕੀਤੇ ਹਨ।

ਖਾੜੀ ਦੇਸ਼ਾਂ ਵਿੱਚ ਹਾਈ ਅਲਰਟ
ਈਰਾਨੀ ਮਿਜ਼ਾਈਲਾਂ ਦੇ ਜਵਾਬੀ ਹਮਲਿਆਂ ਕਾਰਨ ਕਤਰ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈਣ ਦੀ ਚਿਤਾਵਨੀ ਦਿੱਤੀ ਗਈ ਹੈ। ਕਤਰ ਵਿੱਚ ਇੱਕ ਮਿਜ਼ਾਈਲ ਦੇ ਟੁਕੜੇ ਡਿੱਗਣ ਕਾਰਨ ਇੱਕ ਬੱਚਾ ਜ਼ਖਮੀ ਹੋ ਗਿਆ ਹੈ। ਬਹਿਰੀਨ ਵਿੱਚ ਵੀ ਹਵਾਈ ਹਮਲੇ ਦੇ ਸਾਈਰਨ ਵਜਾਏ ਗਏ ਹਨ। ਇਸ ਦੌਰਾਨ ਜਾਰਡਨ ਨੇ ਆਪਣੇ ਹਵਾਈ ਖੇਤਰ ਵਿੱਚ 8 ਈਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਉਣ ਦੀ ਪੁਸ਼ਟੀ ਕੀਤੀ ਹੈ।

Strait of Hormuz 'ਤੇ ਕੰਟਰੋਲ ਨੂੰ ਲੈ ਕੇ ਚੱਲ ਰਹੀ ਇਸ ਜੰਗ ਕਾਰਨ ਤੇਲ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਿਸ਼ਵ ਪੱਧਰ 'ਤੇ ਭਾਰੀ ਉਛਾਲ ਆਇਆ ਹੈ। ਅੰਕੜਿਆਂ ਅਨੁਸਾਰ, ਹੋਰਮੁਜ਼ ਤੋਂ ਗੁਜ਼ਰਨ ਵਾਲੇ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਵਿੱਚ ਲਗਭਗ 25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਰਾਸ਼ਟਰਪਤੀ ਟਰੰਪ ਦਾ ਦਾਅਵਾ
ਅਮਰੀਕੀ ਜਨਤਾ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਇਸ ਜੰਗ ਵਿੱਚ ਵੱਡੀ ਜਿੱਤ ਹਾਸਲ ਕਰ ਰਿਹਾ ਹੈ ਅਤੇ ਇਸ ਦੇ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ। ਦੂਜੇ ਪਾਸੇ, ਈਰਾਨੀ ਫੌਜ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਉਨ੍ਹਾਂ ਦੇ ਬਿਜਲੀ ਘਰਾਂ ਅਤੇ ਪੁਲਾਂ 'ਤੇ ਹਮਲੇ ਜਾਰੀ ਰੱਖੇ, ਤਾਂ ਉਹ ਪੂਰੇ ਖੇਤਰ ਦੇ ਬੁਨਿਆਦੀ ਢਾਂਚੇ 'ਤੇ ਵੱਡੇ ਹਮਲੇ ਕਰਨਗੇ।