ਹਾਰਟ ਲਈ ਸ਼ਰਾਬ ਲਾਭਦਾਇਕ ਜਾਂ ਨੁਕਸਾਨਦਾਇਕ! ਕੀ ਘੱਟ ਸ਼ਰਾਬ ਪੀਣ ਨਾਲ ਨਹੀਂ ਹੁੰਦਾ ਦਿਲ ਨੂੰ ਨੁਕਸਾਨ

ਸ਼ਰਾਬ ਪੀਣ ਵਾਲੇ ਅਕਸਰ ਇਹ ਤਰਕ ਦਿੰਦੇ ਹਨ ਕਿ ਕਦੇ-ਕਦਾਈਂ ਜਾਂ ਘੱਟ ਮਾਤਰਾ ਵਿੱਚ ਸ਼ਰਾਬ ਪੀਣਾ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਮਾਹਿਰ ਡਾਕਟਰਾਂ ਨੇ ਇਸ ਧਾਰਨਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਡਾਕਟਰਾਂ ਅਨੁਸਾਰ ਸ਼ਰਾਬ ਉਨੀ ਫਾਇਦੇਮੰਦ ਨਹੀਂ ਹੈ ਜਿੰਨੀ ਲੋਕ ਮੰਨਦੇ ਹਨ; ਸਗੋਂ ਇਹ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਨਵੀਂ ਦਿੱਲੀ : ਸ਼ਰਾਬ ਪੀਣ ਵਾਲੇ ਅਕਸਰ ਇਹ ਤਰਕ ਦਿੰਦੇ ਹਨ ਕਿ ਕਦੇ-ਕਦਾਈਂ ਜਾਂ ਘੱਟ ਮਾਤਰਾ ਵਿੱਚ ਸ਼ਰਾਬ ਪੀਣਾ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਮਾਹਿਰ ਡਾਕਟਰਾਂ ਨੇ ਇਸ ਧਾਰਨਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਡਾਕਟਰਾਂ ਅਨੁਸਾਰ ਸ਼ਰਾਬ ਉਨੀ ਫਾਇਦੇਮੰਦ ਨਹੀਂ ਹੈ ਜਿੰਨੀ ਲੋਕ ਮੰਨਦੇ ਹਨ; ਸਗੋਂ ਇਹ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

WHO ਅਨੁਸਾਰ ਸ਼ਰਾਬ ਦੀ ਕੋਈ ਵੀ ਮਾਤਰਾ ਸੁਰੱਖਿਅਤ ਨਹੀਂ
ਮੇਦਾਂਤਾ ਮੈਡੀਸਿਟੀ ਮੂਲਚੰਦ ਹਸਪਤਾਲ ਦੇ ਪ੍ਰੋਫੈਸਰ ਡਾ. ਤਰੁਣ ਕੁਮਾਰ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਹਵਾਲੇ ਨਾਲ ਦੱਸਿਆ ਕਿ ਸਿਹਤ ਲਈ ਸ਼ਰਾਬ ਦੀ ਕੋਈ ਅਜਿਹੀ ਮਾਤਰਾ ਤੈਅ ਨਹੀਂ ਹੈ ਜਿਸ ਨੂੰ ਸੁਰੱਖਿਅਤ ਮੰਨਿਆ ਜਾ ਸਕੇ। ਮੈਡੀਕਲ ਸਾਇੰਸ ਵਿੱਚ ਵੀ ਸ਼ਰਾਬ ਦੇ ਕਿਸੇ ਖਾਸ ਫਾਇਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਰੋਜ਼ਾਨਾ ਜਾਂ ਜ਼ਿਆਦਾ ਸ਼ਰਾਬ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ, ਦਿਲ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਹਾਰਟ ਫੇਲ੍ਹ ਹੋਣਾ ਅਤੇ ਸਟ੍ਰੋਕ ਵਰਗੀਆਂ ਜਾਨਲੇਵਾ ਸਥਿਤੀਆਂ ਪੈਦਾ ਹੋ ਸਕਦੀਆਂ ਹਨ।

ਵਾਈਨ ਨੂੰ ਹੈਲਦੀ ਮੰਨਣਾ ਮਹਿਜ਼ ਇੱਕ ਭੁਲੇਖਾ
ਰਾਜੀਵ ਗਾਂਧੀ ਹਸਪਤਾਲ ਦੇ ਡਾ. ਅਜੀਤ ਜੈਨ ਅਨੁਸਾਰ ਕੁਝ ਲੋਕ ਰੈੱਡ ਵਾਈਨ ਨੂੰ ਦਿਲ ਲਈ ਚੰਗਾ ਮੰਨਦੇ ਹਨ, ਪਰ ਇਹ ਸਿਰਫ਼ ਇੱਕ ਮਿੱਥ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਾਈਨ ਵਿੱਚ ਮੌਜੂਦ ਐਂਟੀਆਕਸੀਡੈਂਟਸ ਨਾਲ ਦਿਲ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ, ਜਦੋਂ ਕਿ ਇਸ ਵਿੱਚ ਮੌਜੂਦ ਅਲਕੋਹਲ ਕਾਰਨ ਕੈਂਸਰ ਅਤੇ ਲਿਵਰ ਦੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। 

ਕੈਂਸਰ ਦਾ ਮੁੱਖ ਕਾਰਨ
ਸ਼ਰਾਬ ਨੂੰ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਵੱਲੋਂ ਕੈਂਸਰ ਪੈਦਾ ਕਰਨ ਵਾਲਾ ਪਦਾਰਥ ਮੰਨਿਆ ਗਿਆ ਹੈ। ਇਹ ਘੱਟੋ-ਘੱਟ ਸੱਤ ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣਦੀ ਹੈ, ਜਿਨ੍ਹਾਂ ਵਿੱਚ ਆਂਦਰਾਂ ਦਾ ਕੈਂਸਰ ਅਤੇ ਔਰਤਾਂ ਵਿੱਚ ਬ੍ਰੈਸਟ ਕੈਂਸਰ ਸਭ ਤੋਂ ਆਮ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਚਾਹੇ ਕਿੰਨੀ ਵੀ ਮਹਿੰਗੀ ਜਾਂ ਚੰਗੀ ਗੁਣਵੱਤਾ ਵਾਲੀ ਕਿਉਂ ਨਾ ਹੋਵੇ, ਉਹ ਦਿਲ ਲਈ ਖਤਰਾ ਪੈਦਾ ਕਰ ਸਕਦੀ ਹੈ।

ਇਹ ਲੋਕ ਸ਼ਰਾਬ ਤੋਂ ਬਿਲਕੁਲ ਦੂਰੀ ਬਣਾਉਣ
ਗਰਭਵਤੀ ਔਰਤਾਂ।
ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਨਹੀਂ ਰਹਿੰਦਾ।
ਜਿਨ੍ਹਾਂ ਨੂੰ ਲਿਵਰ ਦੀ ਕੋਈ ਵੀ ਬਿਮਾਰੀ ਹੈ।
ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਵਿਅਕਤੀ।

ਡਾਕਟਰਾਂ ਦੀ ਸਲਾਹ ਹੈ ਕਿ ਦਿਲ ਦੀ ਸਿਹਤ ਲਈ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣਾ ਹੀ ਸਭ ਤੋਂ ਸੁਰੱਖਿਅਤ ਰਸਤਾ ਹੈ।