ਨਵਜੋਤ ਸਿੱਧੂ ਦੇ '500 ਕਰੋੜ ਅਟੈਚੀ' ਬਿਆਨ 'ਤੇ ਬਵਾਲ ਬਾਅਦ ਡਾ. ਨਵਜੋਤ ਕੌਰ ਸਿੱਧੂ ਦਾ ਯੂ-ਟਰਨ - “ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ”

ਮੁੱਖ ਮੰਤਰੀ ਦੀ ਕੁਰਸੀ ਲਈ '500 ਕਰੋੜ ਰੁਪਏ ਦੀ ਅਟੈਚੀ' ਵਾਲੇ ਬਿਆਨ ਤੋਂ ਬਾਅਦ ਖੜ੍ਹੇ ਹੋਏ ਸਿਆਸੀ ਤੂਫ਼ਾਨ ਤੇ ਬੇਅੰਤ ਸਵਾਲਾਂ ਵਿਚਕਾਰ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਹੁਣ ਇਸ ਬਿਆਨ ‘ਤੇ ਸਫ਼ਾਈ ਦੇ ਦਿੱਤੀ ਹੈ। ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸਿੱਧੇ-ਸਾਦੇ ਬਿਆਨ ਨੂੰ ਤੋੜ-ਮਰੋੜ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਕਾਂਗਰਸ ਨੇ ਕਦੇ ਵੀ ਉਨ੍ਹਾਂ ਤੋਂ ਕੁਝ ਨਹੀਂ ਮੰਗਿਆ।

ਸੋਸ਼ਲ ਮੀਡੀਆ ‘ਤੇ ਪ੍ਰਤੀਕ੍ਰਿਆ ਜਾਰੀ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਉਨ੍ਹਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਕਿਵੇਂ ਉਨ੍ਹਾਂ ਦੀ ਗੱਲ ਨੂੰ ਸੰਦਰਭ ਤੋਂ ਬਿਨਾਂ ਉਲਟਿਆ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਵੱਲੋਂ CM ਚਿਹਰਾ ਬਣ ਸਕਦੇ ਹਨ, ਤਾਂ ਉਨ੍ਹਾਂ ਨੇ ਕਿਹਾ ਸੀ ਕਿ “ਸਾਡੇ ਕੋਲ CM ਅਹੁਦੇ ਦੇ ਬਦਲੇ ਦੇਣ ਲਈ ਕੋਈ ਪੈਸਾ ਨਹੀਂ” - ਇਸ ਦਾ ਇਹ ਅਰਥ ਨਹੀਂ ਕਿ ਕਿਸੇ ਪਾਰਟੀ ਨੇ ਉਨ੍ਹਾਂ ਤੋਂ ਪੈਸੇ ਮੰਗੇ ਹਨ।

ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਬਾਅਦ, ਡਾ. ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਤਦ ਹੀ ਸਿਆਸਤ ਵਿੱਚ ਮੁੜ ਸਰਗਰਮ ਹੋਣਗੇ ਜੇ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਕੋਈ ਵੀ ਪਾਰਟੀ ਉਨ੍ਹਾਂ ਨੂੰ ਪੰਜਾਬ ਦੇ ਸੁਧਾਰ ਦੀ ਤਾਕਤ ਦੇਵੇ ਤਾਂ ਨਵਜੋਤ ਸਿੱਧੂ ਪੰਜਾਬ ਨੂੰ “Golden State” ਵਿਚ ਬਦਲ ਸਕਦੇ ਹਨ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕਿਸੇ ਪਾਰਟੀ ਨੇ ਪੈਸਿਆਂ ਦੀ ਮੰਗ ਕੀਤੀ ਹੈ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ “ਸਾਡੇ ਤੋਂ ਕਿਸੇ ਨੇ ਮੰਗ ਤਾਂ ਨਹੀਂ ਕੀਤੀ, ਪਰ CM ਉਹੀ ਬਣਦਾ ਹੈ ਜੋ 500 ਕਰੋੜ ਦੀ ਅਟੈਚੀ ਦਿੰਦਾ ਹੈ।”

ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਬੇਕਾਰ ਦਾ ਵਿਵਾਦ ਖੜ੍ਹਾ ਕੀਤਾ ਗਿਆ ਹੈ।