ED ਨੇ "ਆਪ" ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਜਲੰਧਰ ਸਥਿਤ ਘਰ ਅਤੇ ਹੋਰ ਜਾਇਦਾਦਾਂ 'ਤੇ ਕੀਤੀ ਛਾਪੇਮਾਰੀ

ਦਿੱਲੀ ED ਦੀ ਟੀਮ ਨੇ ਪੰਜਾਬ ਦੇ ਅਧਿਕਾਰੀਆਂ ਨਾਲ ਮਿਲ ਕੇ, ਸਵੇਰੇ ਤੜਕੇ ਛਾਪੇਮਾਰੀ ਕੀਤੀ
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਜਲੰਧਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਅਤੇ ਹੋਰ ਜਾਇਦਾਦਾਂ 'ਤੇ ਛਾਪਾ ਮਾਰਿਆ। ਮਿਲੀ ਜਾਣਕਾਰੀ ਅਨੁਸਾਰ ED ਦੀ ਟੀਮ ਸਵੇਰੇ ਤੜਕੇ ਉਨ੍ਹਾਂ ਦੇ ਘਰ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਤੇ ਛਾਪੇਮਾਰੀ ਦੌਰਾਨ ਘਰਦੇ ਬਾਹਰ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਛਾਪਾ ਮਾਰਨ ਵਾਲੀ ਟੀਮ ਦਿੱਲੀ ਤੋਂ ਆਈ ਸੀ ਅਤੇ ਉਸ ਦੇ ਨਾਲ ਪੰਜਾਬ ਦੇ ਅਧਿਕਾਰੀ ਵੀ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੀਆਂ ਤਿਆਰੀਆਂ ਲਗਭਗ ਇੱਕ ਹਫ਼ਤੇ ਤੋਂ ਚੱਲ ਰਹੀਆਂ ਸਨ ਅਤੇ ਛਾਪੇਮਾਰੀ ਦੀ ਯੋਜਨਾ ਬਣਾਉਣ ਲਈ ਕਾਰਵਾਈ ਦੀ ਅਗਵਾਈ ਕਰਨ ਵਾਲਾ ਅਧਿਕਾਰੀ ਇਸ ਸਮੇਂ ਦੌਰਾਨ ਜਲੰਧਰ ਵਿੱਚ ਰਹਿ ਰਿਹਾ ਸੀ।

ਇਹ ਧਿਆਨ ਦੇਣ ਯੋਗ ਹੈ ਕਿ ਹਾਲ ਹੀ ਵਿੱਚ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਅਸ਼ੋਕ ਮਿੱਤਲ ਨੂੰ ਨਿਯੁਕਤ ਕੀਤਾ ਗਿਆ ਸੀ। ਅਸ਼ੋਕ ਮਿੱਤਲ "ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ" ਦੇ ਸੰਸਥਾਪਕ ਅਤੇ ਚਾਂਸਲਰ ਹਨ ਅਤੇ 2022 ਵਿੱਚ ਰਾਜ ਸਭਾ ਮੈਂਬਰ ਬਣੇ ਸਨ।

ਅਧਿਕਾਰੀਆਂ ਨੇ ਅਜੇ ਤੱਕ ਕੋਈ ਵਿਸਤ੍ਰਿਤ ਬਿਆਨ ਜਾਰੀ ਨਹੀਂ ਕੀਤਾ ਹੈ ਅਤੇ ਜਾਂਚ ਜਾਰੀ ਹੋਣ ਕਰਕੇ ਹੋਰ ਜਾਣਕਾਰੀ ਦੀ ਉਡੀਕ ਹੈ।