ਲੁਧਿਆਣਾ 'ਚ ਮੁਟਿਆਰ ਨਾਲ ਜਬਰ-ਜ਼ਿਨਾਹ, ਬਹਾਨੇ ਨਾਲ ਘਰ ਲੈ ਗਿਆ ਮੁਲਜ਼ਮ

ਲੁਧਿਆਣਾ ਦੇ ਜੋਧੇਵਾਲ ਇਲਾਕੇ ਵਿੱਚ ਇੱਕ ਮੁਟਿਆਰ ਨਾਲ ਜਬਰ-ਜ਼ਿਨਾਹ ਕਰਨ ਅਤੇ ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਲੁਧਿਆਣਾ: ਲੁਧਿਆਣਾ ਦੇ ਜੋਧੇਵਾਲ ਇਲਾਕੇ ਵਿੱਚ ਇੱਕ ਮੁਟਿਆਰ ਨਾਲ ਜਬਰ-ਜ਼ਿਨਾਹ ਕਰਨ ਅਤੇ ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਸ਼ੁੱਕਰਵਾਰ ਨੂੰ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਲਤਾਨਾ ਖਾਤੂਨ (ਨਕਲੀ ਨਾਮ) ਨੇ ਦੱਸਿਆ ਕਿ ਉਸਦੀ 18 ਸਾਲਾ ਧੀ ਨੇ ਦੱਸਿਆ ਕਿ 21 ਮਾਰਚ 2026 ਨੂੰ ਮੁਲਜ਼ਮ ਮੋਤੀਬੁਲ ਰਹਿਮਾਨ ਉਸਨੂੰ ਕਿਸੇ ਬਹਾਨੇ ਆਪਣੇ ਘਰ ਲੈ ਗਿਆ ਸੀ। ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਉੱਥੇ ਲੜਕੀ ਦੀ ਮਰਜ਼ੀ ਅਤੇ ਸਹਿਮਤੀ ਦੇ ਵਿਰੁੱਧ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਸੇ ਨੂੰ ਵੀ ਘਟਨਾ ਬਾਰੇ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।

ਥਾਣਾ ਜੋਧੇਵਾਲ ਦੀ ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਮੋਤੀਬੁਲ ਰਹਿਮਾਨ, ਨਿਵਾਸੀ ਹਰਵਿੰਦਰ ਨਗਰ, ਫੋਕਲ ਪੁਆਇੰਟ ਰੋਡ, ਲੁਧਿਆਣਾ ਦੇ ਖਿਲਾਫ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 64 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਜਾਂਚ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੇ ਅਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।