ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਵਾਪਰਿਆਂ ਹਾਦਸਾ, ਦੋ ਦੀ ਮੌਤ

ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਟਾਲਾ ਦੇ ਉਧੋਵਾਲ ਅੱਡੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।
ਬਟਾਲਾ/ਗੁਰਦਾਸਪੁਰ: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਟਾਲਾ ਦੇ ਉਧੋਵਾਲ ਅੱਡੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਟੈਂਪੋ ਟ੍ਰੈਵਲਰ ਅਚਾਨਕ ਇੱਕ ਟਿੱਪਰ ਨਾਲ ਟਕਰਾ ਗਈ, ਜਿਸ ਕਾਰਨ ਇੱਕ ਮਹਿਲਾ ਅਤੇ ਇੱਕ ਪੁਰਸ਼ ਦੀ ਮੌਤ ਹੋ ਗਈ ਅਤੇ 14 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।

ਟਿੱਪਰ ਦੇ ਅਚਾਨਕ ਮੁੜਨ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ ਜਦੋਂ ਹਾਈਵੇ 'ਤੇ ਅੱਗੇ ਜਾ ਰਹੇ ਟਿੱਪਰ ਚਾਲਕ ਨੇ ਅਚਾਨਕ ਗੱਡੀ ਮੋੜ ਦਿੱਤੀ। ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਟੈਂਪੋ ਟ੍ਰੈਵਲਰ ਸਿੱਧੀ ਟਿੱਪਰ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਟ੍ਰੈਵਲਰ ਦੇ ਪਰਖੱਚੇ ਉੱਡ ਗਏ। ਹਾਦਸੇ ਦੇ ਸਮੇਂ ਗੱਡੀ ਵਿੱਚ ਡਰਾਈਵਰ ਸਮੇਤ ਕੁੱਲ 15 ਯਾਤਰੀ ਸਵਾਰ ਸਨ।

ਮਾਨਸਾ ਇਲਾਕੇ ਦੇ ਰਹਿਣ ਵਾਲੇ ਸਨ ਸ਼ਰਧਾਲੂ
ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਮਾਨਸਾ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਸ਼ਰਧਾਲੂ ਇੱਕ ਕੰਪਨੀ ਟੂਰ ਤਹਿਤ ਪਹਿਲਾਂ ਸ੍ਰੀਨਗਰ ਗਏ ਸਨ ਅਤੇ ਫਿਰ ਕਟੜਾ ਵਿੱਚ ਦੋ ਦਿਨ ਬਿਤਾਉਣ ਤੋਂ ਬਾਅਦ ਰਾਤ ਨੂੰ ਵਾਪਸ ਚੱਲੇ ਸਨ। ਉਨ੍ਹਾਂ ਨੇ ਅੰਮ੍ਰਿਤਸਰ ਰੁਕਣ ਤੋਂ ਬਾਅਦ ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਉਤਰਨਾ ਸੀ।

ਰਾਹਤ ਕਾਰਜ ਤੇ ਪੁਲਸ ਕਾਰਵਾਈ
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ, ਪੰਜਾਬ ਪੁਲਸ ਅਤੇ ਐੱਸ.ਐੱਸ.ਐੱਫ (SSF) ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਈਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਐੱਸ.ਐੱਸ.ਐੱਫ ਚੌਕੀ ਇੰਚਾਰਜ ਹਰਦਿਆਲ ਜੌਹਲ ਨੇ ਦੱਸਿਆ ਕਿ ਪੁਲਸ ਨੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਟਿੱਪਰ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।