PU 'ਚ ਦਰਦਨਾਕ ਹਾਦਸਾ! ਕਰੰਟ ਲੱਗਣ ਨਾਲ ਪੀ.ਐੱਚ.ਡੀ. ਸਕਾਲਰ ਵਿਦਿਆਰਥਣ ਦੀ ਮੌਤ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (PU) ਵਿੱਚ ਮੰਗਲਵਾਰ ਸਵੇਰੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕਰੰਟ ਲੱਗਣ ਕਾਰਨ ਇੱਕ 28 ਸਾਲਾ ਪੀ.ਐੱਚ.ਡੀ. ਸਕਾਲਰ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਯੋਤੀ ਵਜੋਂ ਹੋਈ ਹੈ, ਜੋ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਅਤੇ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿੱਚ ਆਪਣੀ ਖੋਜ ਕਰ ਰਹੀ ਸੀ।
ਚੰਡੀਗੜ੍ਹ: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (PU) ਵਿੱਚ ਮੰਗਲਵਾਰ ਸਵੇਰੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕਰੰਟ ਲੱਗਣ ਕਾਰਨ ਇੱਕ 28 ਸਾਲਾ ਪੀ.ਐੱਚ.ਡੀ. ਸਕਾਲਰ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਯੋਤੀ ਵਜੋਂ ਹੋਈ ਹੈ, ਜੋ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਅਤੇ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿੱਚ ਆਪਣੀ ਖੋਜ ਕਰ ਰਹੀ ਸੀ।

ਵਿਭਾਗ ਜਾਂਦੇ ਸਮੇਂ ਵਾਪਰਿਆ ਹਾਦਸਾ
ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਯੋਤੀ ਮੰਗਲਵਾਰ ਸਵੇਰੇ ਗਰਲਜ਼ ਹੋਸਟਲ-10 ਤੋਂ ਆਪਣੇ ਵਿਭਾਗ ਵਿੱਚ ਪੜ੍ਹਾਈ ਲਈ ਜਾ ਰਹੀ ਸੀ। ਹੋਸਟਲ-8 ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (UIET) ਨੂੰ ਜੋੜਨ ਵਾਲੀ ਸੜਕ ਦੇ ਕੰਢੇ ਬਣੇ ਇੱਕ ਕੱਚੇ ਰਸਤੇ ਤੋਂ ਲੰਘਦੇ ਸਮੇਂ ਉਹ ਅਚਾਨਕ ਹੇਠਾਂ ਡਿੱਗ ਪਈ। ਜਦੋਂ ਦੂਜੇ ਵਿਦਿਆਰਥੀ ਉਸ ਦੀ ਮਦਦ ਲਈ ਮੌਕੇ 'ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਜ਼ਬਰਦਸਤ ਕਰੰਟ ਲੱਗਾ ਹੈ।

ਹਸਪਤਾਲ ਪਹੁੰਚਣ ਤੋਂ ਪਹਿਲਾਂ ਨਿਕਲੀ ਜਾਨ
ਵਿਦਿਆਰਥੀਆਂ ਨੇ ਯੂਨੀਵਰਸਿਟੀ ਕਰਮਚਾਰੀਆਂ ਦੀ ਮਦਦ ਨਾਲ ਜਯੋਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੰਦਭਾਗੀ ਖ਼ਬਰ ਦਾ ਪਤਾ ਲੱਗਦਿਆਂ ਹੀ ਯੂਨੀਵਰਸਿਟੀ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਅਤੇ ਹੋਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਸੁਰੱਖਿਆ ਵਿਵਸਥਾ 'ਤੇ ਉੱਠੇ ਸਵਾਲ
ਵਿਦਿਆਰਥੀਆਂ ਨੇ ਕੈਂਪਸ ਦੀ ਬਿਜਲੀ ਵਿਵਸਥਾ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਖ਼ਾਸ ਕਰਕੇ ਬਾਰਿਸ਼ ਦੇ ਮੌਸਮ ਵਿੱਚ ਬਿਜਲੀ ਦੇ ਖੰਭਿਆਂ ਅਤੇ ਖੁੱਲ੍ਹੀਆਂ ਤਾਰਾਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੂਰੇ ਕੈਂਪਸ ਦਾ ਸੁਰੱਖਿਆ ਆਡਿਟ ਕਰਵਾਇਆ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਚੰਡੀਗੜ੍ਹ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਕਰੰਟ ਬਿਜਲੀ ਦੇ ਖੰਭੇ, ਸਟ੍ਰੀਟ ਲਾਈਟ ਜਾਂ ਕਿਸੇ ਖੁੱਲ੍ਹੀ ਤਾਰ ਰਾਹੀਂ ਫੈਲਿਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਫਿਲਹਾਲ ਬਿਜਲੀ ਸਪਲਾਈ ਵਿੱਚ ਲਾਪਰਵਾਹੀ ਦੇ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।