ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਨਵਾਂ ਮੋੜ! ਯੋਗਾ ਕੇਂਦਰ 'ਚ ਮਿਲਿਆ ‘ਰਾਮ ਰਾਜ ਕੋਸ਼’ ਦਾ ਬਕਸਾ ਤੇ QR ਕੋਡ

ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵੇ ਦੀ ਚੋਰੀ ਦੇ ਮਾਮਲੇ ਵਿਚ ਪੁਲਸ ਦੀ ਜਾਂਚ ਜਿਉਂ-ਜਿਉਂ ਅੱਗੇ ਵਧ ਰਹੀ ਹੈ, ਕਈ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਂਚ ਦੌਰਾਨ, ਪੁਲਸ ਨੂੰ ਮੁੱਖ ਮੁਲਜ਼ਮ ਅਵਿਨਾਸ਼ ਸ਼ੁਕਲਾ ਦੇ ਟਿਕਾਣੇ ਰਹੇ ਇੱਕ ਵੱਕਾਰੀ ਯੋਗਾ ਕੇਂਦਰ ਵਿੱਚੋਂ ‘ਰਾਮ ਰਾਜ ਕੋਸ਼’ ਨਾਮ ਦਾ ਇੱਕ ਦਾਨ ਬਕਸਾ ਮਿਲਿਆ ਹੈ।
ਅਯੁੱਧਿਆ : ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵੇ ਦੀ ਚੋਰੀ ਦੇ ਮਾਮਲੇ ਵਿਚ ਪੁਲਸ ਦੀ ਜਾਂਚ ਜਿਉਂ-ਜਿਉਂ ਅੱਗੇ ਵਧ ਰਹੀ ਹੈ, ਕਈ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਂਚ ਦੌਰਾਨ, ਪੁਲਸ ਨੂੰ ਮੁੱਖ ਮੁਲਜ਼ਮ ਅਵਿਨਾਸ਼ ਸ਼ੁਕਲਾ ਦੇ ਟਿਕਾਣੇ ਰਹੇ ਇੱਕ ਵੱਕਾਰੀ ਯੋਗਾ ਕੇਂਦਰ ਵਿੱਚੋਂ ‘ਰਾਮ ਰਾਜ ਕੋਸ਼’ ਨਾਮ ਦਾ ਇੱਕ ਦਾਨ ਬਕਸਾ ਮਿਲਿਆ ਹੈ। ਇਸ ਬਕਸੇ ਦੀ ਖਾਸ ਗੱਲ ਇਹ ਹੈ ਕਿ ਇਸ ਉੱਤੇ ਪੇਟੀਐੱਮ ਦਾ ਕਿਊਆਰ ਕੋਡ ਲੱਗਾ ਹੋਇਆ ਸੀ, ਜਿਸ ਨੂੰ ਸਕੈਨ ਕਰਨ 'ਤੇ ਸਿੱਧਾ ‘ਰਾਮ ਰਾਜ ਕੋਸ਼’ ਵਿੱਚ ਪੈਸੇ ਭੇਜਣ ਦਾ ਵਿਕਲਪ ਦਿਖਾਈ ਦਿੰਦਾ ਹੈ।

ਯੋਗਾ ਕੇਂਦਰ ਤੋਂ ਲੱਖਾਂ ਰੁਪਏ ਦੀ ਬਰਾਮਦਗੀ
ਪੁਲਸ ਨੇ ਕੌਸ਼ਲਪੁਰੀ ਸਥਿਤ ਇਸ ਯੋਗਾ ਕੇਂਦਰ 'ਤੇ ਛਾਪੇਮਾਰੀ ਦੌਰਾਨ ਇੱਕ ਝੋਲੇ ਵਿਚ ਭਰ ਕੇ ਰੱਖੇ ਲਗਭਗ 5 ਲੱਖ ਰੁਪਏ ਬਰਾਮਦ ਕੀਤੇ ਹਨ। ਮੁੱਖ ਮੁਲਜ਼ਮ ਅਵਿਨਾਸ਼ ਸ਼ੁਕਲਾ ਇੱਥੇ ਆਪਣੇ ਭਰਾ ਅਭਿਸ਼ੇਕ ਨਾਲ ਰਹਿੰਦਾ ਸੀ। ਅਭਿਸ਼ੇਕ, ਜੋ ਕਿ ਪੇਸ਼ੇ ਤੋਂ ਅਧਿਆਪਕ ਹੈ, ਪਿਛਲੇ 10 ਸਾਲਾਂ ਤੋਂ ਇਸ ਕੇਂਦਰ ਨਾਲ ਜੁੜਿਆ ਹੋਇਆ ਸੀ ਅਤੇ ਉਹ ਹੀ ਆਪਣੇ ਭਰਾ ਅਵਿਨਾਸ਼ ਨੂੰ ਇੱਥੇ ਲੈ ਕੇ ਆਇਆ ਸੀ। 

ਮੁਲਜ਼ਮ ਜੇਲ੍ਹ ਭੇਜੇ, SIT ਕਰੇਗੀ ਜਾਂਚ
ਪੁਲਸ ਨੇ ਹੁਣ ਤੱਕ ਇਸ ਮਾਮਲੇ ਵਿੱਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਜਾਂਚ ਟੀਮ (SIT) ਜਲਦੀ ਹੀ ਅਯੁੱਧਿਆ ਪਹੁੰਚ ਕੇ ਜਾਂਚ ਦੀ ਕਮਾਨ ਸੰਭਾਲੇਗੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਦਾਨ ਦਾ ਪੈਸਾ ਇਸੇ ਕਿਊਆਰ ਕੋਡ ਵਾਲੇ ਬਕਸੇ ਰਾਹੀਂ ਹੜੱਪਿਆ ਜਾ ਰਿਹਾ ਸੀ।

ਗਿਣਤੀ ਪ੍ਰਣਾਲੀ ਵਿਚ ਵੱਡਾ ਬਦਲਾਅ
ਇਸ ਵੱਡੀ ਚੋਰੀ ਤੋਂ ਬਾਅਦ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਚੜ੍ਹਾਵੇ ਦੀ ਗਿਣਤੀ ਕਰਨ ਦੇ ਤਰੀਕੇ ਵਿਚ ਵੱਡੇ ਬਦਲਾਅ ਕੀਤੇ ਹਨ। ਹੁਣ ਪੈਸਿਆਂ ਦੀ ਗਿਣਤੀ ਦੌਰਾਨ ਸਖ਼ਤ ਡਰੈੱਸ ਕੋਡ, ਸੀਸੀਟੀਵੀ ਨਿਗਰਾਨੀ ਤੇ ਤਲਾਸ਼ੀ ਦੀ ਪ੍ਰਕਿਰਿਆ ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।

ਇਸ ਖੁਲਾਸੇ ਤੋਂ ਬਾਅਦ ਸਥਾਨਕ ਲੋਕ ਅਤੇ ਯੋਗਾ ਕੇਂਦਰ ਦੇ ਸਾਧਕ ਵੀ ਹੈਰਾਨ ਹਨ। ਕੇਂਦਰ ਦੇ ਪ੍ਰਬੰਧਕਾਂ ਨੇ ਮਾਮਲਾ ਸਾਹਮਣੇ ਆਉਣ ਦੇ ਕੁਝ ਹੀ ਘੰਟਿਆਂ ਅੰਦਰ ਦੋਵਾਂ ਭਰਾਵਾਂ ਨੂੰ ਕੇਂਦਰ ਤੋਂ ਬਾਹਰ ਕੱਢ ਦਿੱਤਾ ਸੀ।