ਤਰਨਤਾਰਨ 'ਚ ਮੋਮੋਜ਼ ਖਾ ਰਹੇ ਦੋ ਸਕੇ ਭਰਾਵਾਂ 'ਤੇ ਦੋਸਤਾਂ ਵੱਲੋਂ ਜਾਨਲੇਵਾ ਹਮਲਾ, ਇਕ ਦੀ ਮੌਤ

ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਕਸਬੇ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਨੌਜਵਾਨਾਂ ਨੇ ਆਪਣੇ ਹੀ ਪੁਰਾਣੇ ਦੋਸਤਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਛੋਟਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਕਸਬੇ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਨੌਜਵਾਨਾਂ ਨੇ ਆਪਣੇ ਹੀ ਪੁਰਾਣੇ ਦੋਸਤਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਛੋਟਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।

ਮੋਮੋਜ਼ ਖਾਣ ਗਏ ਸਨ ਦੋਵੇਂ ਭਰਾ
ਪ੍ਰਾਪਤ ਜਾਣਕਾਰੀ ਅਨੁਸਾਰ ਹਰੀਕੇ ਦੇ ਰਹਿਣ ਵਾਲੇ ਦੋ ਸਕੇ ਭਰਾ, ਅੰਗਦਜੋਤ ਸਿੰਘ (17) ਅਤੇ ਗੁਰਲਾਲ ਸਿੰਘ (15), ਬੀਤੀ ਰਾਤ ਕਰੀਬ 8:30 ਵਜੇ ਪੱਟੀ ਰੋਡ 'ਤੇ ਸਥਿਤ ਇੱਕ ਦੁਕਾਨ 'ਤੇ ਮੋਮੋਜ਼ ਖਾ ਰਹੇ ਸਨ। ਇਸੇ ਦੌਰਾਨ ਅੰਗਦਜੋਤ ਦੇ ਨਾਲ ਪੜ੍ਹਨ ਵਾਲੇ ਉਸਦੇ ਕੁਝ ਪੁਰਾਣੇ ਦੋਸਤ ਉੱਥੇ ਪਹੁੰਚ ਗਏ। ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ, ਜੋ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿਚ ਬਦਲ ਗਈ।

ਦੋਸ਼ ਹੈ ਕਿ ਪਿੰਡ ਮਰਹਾਣਾ ਦੇ ਰਹਿਣ ਵਾਲੇ ਗੁਰਸ਼ੇਰ ਸਿੰਘ, ਸਰੂਪ ਸਿੰਘ ਅਤੇ ਸਿਮਰਨ ਸਿੰਘ ਨੇ ਦੋਵਾਂ ਭਰਾਵਾਂ 'ਤੇ 'ਸ੍ਰੀ ਸਾਹਿਬ' (ਕਿਰਪਾਨ) ਨਾਲ ਹਮਲਾ ਕਰ ਦਿੱਤਾ। ਜਦੋਂ ਅੰਗਦਜੋਤ 'ਤੇ ਵਾਰ ਕੀਤਾ ਗਿਆ ਤਾਂ ਉਸ ਦਾ ਛੋਟਾ ਭਰਾ ਗੁਰਲਾਲ ਉਸ ਨੂੰ ਬਚਾਉਣ ਲਈ ਅੱਗੇ ਆਇਆ, ਪਰ ਹਮਲਾਵਰਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਜ਼ਖ਼ਮੀ ਹਾਲਤ ਵਿੱਚ ਦੋਵਾਂ ਭਰਾਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅੰਗਦਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਗੁਰਲਾਲ ਸਿੰਘ ਦਾ ਇਲਾਜ ਚੱਲ ਰਿਹਾ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਥਾਣਾ ਹਰੀਕੇ ਪੱਤਣ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਮੁਲਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ ਤੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।