ਸਵੇਰ ਦੀ ਸੈਰ ’ਤੇ ਨਿਕਲੀ ਕਾਰੋਬਾਰੀ ਦੀ ਪਤਨੀ ਨੂੰ ਕਾਰ ਨੇ 10 ਮੀਟਰ ਤੱਕ ਘੜੀਸਿਆ, ਮੌਤ

ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਸ਼ੁੱਕਰਵਾਰ ਸਵੇਰੇ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ, ਜਿੱਥੇ ਮਾਰਨਿੰਗ ਵਾਕ 'ਤੇ ਨਿਕਲੀ ਇੱਕ ਮਹਿਲਾ ਦੀ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ ਵਿਚ ਕੈਦ ਹੋ ਗਈ ਹੈ।
ਲੁਧਿਆਣਾ : ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਸ਼ੁੱਕਰਵਾਰ ਸਵੇਰੇ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ, ਜਿੱਥੇ ਮਾਰਨਿੰਗ ਵਾਕ 'ਤੇ ਨਿਕਲੀ ਇੱਕ ਮਹਿਲਾ ਦੀ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ ਵਿਚ ਕੈਦ ਹੋ ਗਈ ਹੈ।

ਜਾਣਕਾਰੀ ਅਨੁਸਾਰ ਮਾਡਲ ਟਾਊਨ ਦੇ ਚਾਰ ਖੰਭਾ ਚੌਕ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਸਵੇਰੇ ਕਰੀਬ 6 ਵਜੇ ਆਪਣੀ ਸਹੇਲੀ ਨਾਲ ਸੈਰ ਕਰਨ ਲਈ ਨਿਕਲੀ ਸੀ। ਜਦੋਂ ਦੋਵੇਂ ਮਹਿਲਾਵਾਂ ਸੜਕ ਕਿਨਾਰੇ ਗੱਲਾਂ ਕਰਦੀਆਂ ਜਾ ਰਹੀਆਂ ਸਨ ਤਾਂ ਪਿੱਛੇ ਤੋਂ ਆਈ ਇੱਕ ਬੇਕਾਬੂ ਸਵਿਫਟ ਡਿਜ਼ਾਇਰ ਕਾਰ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮਹਿਲਾਵਾਂ ਸੜਕ 'ਤੇ ਜਾ ਡਿੱਗੀਆਂ।

ਸੀਸੀਟੀਵੀ ਫੁਟੇਜ ਵਿਚ ਦੇਖਿਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਵੀ ਕਾਰ ਚਾਲਕ ਨੇ ਗੱਡੀ ਨਹੀਂ ਰੋਕੀ। ਦੋਸ਼ ਹੈ ਕਿ ਕਾਰ ਸਵਾਰ ਮਹਿਲਾ ਨੂੰ ਕਰੀਬ 10 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ, ਜਿਸ ਕਾਰਨ ਉਸ ਦੇ ਸਿਰ ਅਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਲੋਕਾਂ ਨੇ ਦੋਵਾਂ ਜ਼ਖ਼ਮੀ ਮਹਿਲਾਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਹਰਪ੍ਰੀਤ ਕੌਰ ਨੇ ਦਮ ਤੋੜ ਦਿੱਤਾ, ਜਦੋਂ ਕਿ ਉਸਦੀ ਸਹੇਲੀ ਦਾ ਇਲਾਜ ਅਜੇ ਜਾਰੀ ਹੈ। ਮ੍ਰਿਤਕਾ ਦੇ ਪਤੀ ਪ੍ਰਾਪਰਟੀ ਕਾਰੋਬਾਰੀ ਹਨ ਅਤੇ ਉਹਨਾਂ ਦੀ ਇੱਕ ਬੇਟੀ ਹੈ, ਜਿਸਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ।

ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਫਰਾਰ ਕਾਰ ਚਾਲਕ ਦੀ ਪਛਾਣ ਕਰਕੇ ਉਸ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।