ਅਬੋਹਰ 'ਚ ਰੇਲ ਗੱਡੀ ਅੱਗੇ ਛਾਲ ਮਾਰ ਕੇ BCA ਦੇ ਵਿਦਿਆਰਥੀ ਨੇ ਦਿੱਤੀ ਜਾਨ

ਅਬੋਹਰ ਦੇ ਨੇੜਲੇ ਪਿੰਡ ਨਿਹਾਲਖੇੜਾ ਦੇ ਰਹਿਣ ਵਾਲੇ ਇੱਕ 25 ਸਾਲਾ ਨੌਜਵਾਨ ਵੱਲੋਂ ਟ੍ਰੇਨ ਅੱਗੇ ਕੁੱਦ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਕਾਲੂਰਾਮ ਵਜੋਂ ਹੋਈ ਹੈ, ਜੋ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
ਅਬੋਹਰ : ਅਬੋਹਰ ਦੇ ਨੇੜਲੇ ਪਿੰਡ ਨਿਹਾਲਖੇੜਾ ਦੇ ਰਹਿਣ ਵਾਲੇ ਇੱਕ 25 ਸਾਲਾ ਨੌਜਵਾਨ ਵੱਲੋਂ ਟ੍ਰੇਨ ਅੱਗੇ ਕੁੱਦ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਕਾਲੂਰਾਮ ਵਜੋਂ ਹੋਈ ਹੈ, ਜੋ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਇਹ ਘਟਨਾ ਪਿੰਡ ਚੂਹੜੀਵਾਲਾ ਧੰਨਾ ਅਤੇ ਨਿਹਾਲਖੇੜਾ ਦੇ ਵਿਚਕਾਰ ਰੇਲਵੇ ਟ੍ਰੈਕ 'ਤੇ ਵਾਪਰੀ। ਸ਼ੁੱਕਰਵਾਰ ਨੂੰ ਰੇਲਵੇ ਕਿਲੋਮੀਟਰ ਸੰਖਿਆ 18 ਦੇ ਕੋਲ ਜੀ.ਆਰ.ਪੀ. ਪੁਲਸ ਨੂੰ ਇੱਕ ਅਣਪਛਾਤੇ ਨੌਜਵਾਨ ਦੀ ਬੁਰੀ ਤਰ੍ਹਾਂ ਕੁਚਲੀ ਹੋਈ ਲਾਸ਼ ਮਿਲੀ ਸੀ, ਜਿਸ ਨੂੰ ਪੁਲਸ ਨੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਸੀ।

ਸ਼ਨੀਵਾਰ ਨੂੰ ਜਦੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਖ਼ਬਰ ਫੈਲੀ, ਤਾਂ ਮ੍ਰਿਤਕ ਦੇ ਪਿਤਾ ਕਾਲੂਰਾਮ ਹਸਪਤਾਲ ਪਹੁੰਚੇ ਅਤੇ ਲਾਸ਼ ਦੀ ਪਛਾਣ ਆਪਣੇ ਪੁੱਤਰ ਪਵਨ ਵਜੋਂ ਕੀਤੀ। ਜੀ.ਆਰ.ਪੀ. ਥਾਣੇ ਦੇ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਪਿਤਾ ਨੇ ਦੱਸਿਆ ਕਿ ਪਵਨ ਬੀ.ਸੀ.ਏ. ਦੀ ਪੜ੍ਹਾਈ ਕਰ ਰਿਹਾ ਸੀ। ਉਹ ਪੜ੍ਹਾਈ ਵਿੱਚ ਚੰਗਾ ਹੋਣ ਦੇ ਨਾਲ-ਨਾਲ ਪੇਂਟਿੰਗ ਕਲਾ ਵਿੱਚ ਵੀ ਕਾਫੀ ਹੁਨਰਮੰਦ ਸੀ ਅਤੇ ਲੋਕ ਉਸ ਦੀਆਂ ਬਣਾਈਆਂ ਕਲਾਕ੍ਰਿਤੀਆਂ ਦੀ ਸ਼ਲਾਘਾ ਕਰਦੇ ਸਨ। ਪਰਿਵਾਰ ਅਨੁਸਾਰ, ਪਵਨ ਵੀਰਵਾਰ ਦੇਰ ਰਾਤ ਘਰੋਂ ਨਿਕਲ ਗਿਆ ਸੀ ਅਤੇ ਫਿਰ ਵਾਪਸ ਨਹੀਂ ਪਰਤਿਆ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।