ਲੁਧਿਆਣਾ 'ਚ ਸਕੂਲ ਬੱਸ ਹੇਠ ਆਉਣ ਨਾਲ 3 ਸਾਲਾ ਮਾਸੂਮ ਦੀ ਮੌਤ, ਡਰਾਈਵਰ ਤੇ ਮੈਨੇਜਮੈਂਟ ਵਿਰੁੱਧ FIR ਦਰਜ

ਲੁਧਿਆਣਾ ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ ਭੈਣੀ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ 3 ਸਾਲਾ ਮਾਸੂਮ ਬੱਚੇ ਸਮਰਦੀਪ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰ ਬੱਚੇ ਦੇ ਉੱਪਰੋਂ ਲੰਘ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਲੁਧਿਆਣਾ : ਲੁਧਿਆਣਾ ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ ਭੈਣੀ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ 3 ਸਾਲਾ ਮਾਸੂਮ ਬੱਚੇ ਸਮਰਦੀਪ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰ ਬੱਚੇ ਦੇ ਉੱਪਰੋਂ ਲੰਘ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮਾਂ ਦੇ ਸਾਹਮਣੇ ਵਾਪਰਿਆ ਕਹਿਰ
ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 7 ਵਜੇ ਵਾਪਰਿਆ। ਅਮਨਦੀਪ ਕੌਰ ਆਪਣੀ ਬੇਟੀ ਰਮਨਦੀਪ ਨੂੰ ਸਕੂਲ ਬੱਸ ਵਿੱਚ ਚੜ੍ਹਾਉਣ ਲਈ ਘਰ ਤੋਂ ਬਾਹਰ ਆਈ ਸੀ ਅਤੇ ਉਸ ਦਾ ਛੋਟਾ ਬੇਟਾ ਸਮਰਦੀਪ ਵੀ ਉਸ ਦੇ ਨਾਲ ਸੀ। ਜਦੋਂ ਮਾਂ ਆਪਣੀ ਬੇਟੀ ਨੂੰ ਬੱਸ ਵਿੱਚ ਚੜ੍ਹਾ ਰਹੀ ਸੀ ਤਾਂ ਸਮਰਦੀਪ ਬੱਸ ਦੇ ਅਗਲੇ ਪਾਸੇ ਚਲਾ ਗਿਆ। ਡਰਾਈਵਰ ਨੇ ਬੱਚੇ ਨੂੰ ਨਾ ਦੇਖਿਆ ਅਤੇ ਬੱਸ ਅੱਗੇ ਵਧਾ ਦਿੱਤੀ, ਜਿਸ ਕਾਰਨ ਬੱਚਾ ਬੱਸ ਦੇ ਟਾਇਰਾਂ ਹੇਠ ਆ ਗਿਆ ਅਤੇ ਉਸ ਨੇ ਪਰਿਵਾਰ ਦੇ ਸਾਹਮਣੇ ਹੀ ਦਮ ਤੋੜ ਦਿੱਤਾ।

ਪਿੰਡ ਵਾਸੀਆਂ ਨੇ ਪਿੱਛਾ ਕਰਕੇ ਫੜਿਆ ਡਰਾਈਵਰ
ਹਾਦਸੇ ਤੋਂ ਬਾਅਦ ਡਰਾਈਵਰ ਨਵਦੀਪ ਸਿੰਘ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਆਪਣੇ ਵਾਹਨਾਂ ਨਾਲ ਪਿੱਛਾ ਕਰਕੇ ਉਸ ਨੂੰ ਕੁਝ ਦੂਰੀ 'ਤੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ, ਫੜੇ ਜਾਣ 'ਤੇ ਡਰਾਈਵਰ ਨੇ ਆਪਣੀ ਗਲਤੀ ਤੋਂ ਇਨਕਾਰ ਕੀਤਾ, ਜਿਸ ਕਾਰਨ ਲੋਕਾਂ ਦਾ ਗੁੱਸਾ ਹੋਰ ਵਧ ਗਿਆ।

ਬਿਨਾਂ ਲਾਇਸੈਂਸ ਤੋਂ ਬੱਸ ਚਲਾ ਰਿਹਾ ਸੀ ਡਰਾਈਵਰ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਡਰਾਈਵਰ ਕੋਲ ਕੋਈ ਵੈਧ ਲਾਇਸੈਂਸ ਨਹੀਂ ਸੀ। ਪੁਲਿਸ ਨੇ ਡਰਾਈਵਰ ਅਤੇ ਬੀ.ਆਈ.ਟੀ.ਐਸ. (BITS) ਕਾਨਵੈਂਟ ਸਕੂਲ ਦੀ ਮੈਨੇਜਮੈਂਟ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਸਕੂਲ ਦੀਆਂ ਸਾਰੀਆਂ ਬੱਸਾਂ ਦੀ ਫਿਟਨੈੱਸ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

ਪਰਿਵਾਰ ਵੱਲੋਂ ਅੰਤਿਮ ਸੰਸਕਾਰ
ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮਾਸੂਮ ਸਮਰਦੀਪ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਮਰਦੀਪ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਵੱਡੀ ਭੈਣ ਹੈ।