ਜਿਮ 'ਚ ਵਰਕਆਊਟ ਦੌਰਾਨ 23 ਸਾਲਾ ਨੌਜਵਾਨ ਦੀ ਮੌਤ! 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮੋਹਾਲੀ ਦੇ ਇੱਕ ਜਿਮ ਵਿਚ ਵਰਕਆਊਟ ਕਰਦੇ ਸਮੇਂ ਚੰਡੀਗੜ੍ਹ ਦੇ ਇੱਕ 23 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਘਟਨਾ ਦੇ ਸਮੇਂ ਮੁਕੇਸ਼ ਆਪਣੀ ਪਤਨੀ ਅਤੇ ਦੋਸਤ ਨਾਲ ਜਿਮ ਵਿਚ ਕਸਰਤ ਕਰ ਰਿਹਾ ਸੀ।
ਮੋਹਾਲੀ : ਮੋਹਾਲੀ ਦੇ ਇੱਕ ਜਿਮ ਵਿਚ ਵਰਕਆਊਟ ਕਰਦੇ ਸਮੇਂ ਚੰਡੀਗੜ੍ਹ ਦੇ ਇੱਕ 23 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਘਟਨਾ ਦੇ ਸਮੇਂ ਮੁਕੇਸ਼ ਆਪਣੀ ਪਤਨੀ ਅਤੇ ਦੋਸਤ ਨਾਲ ਜਿਮ ਵਿਚ ਕਸਰਤ ਕਰ ਰਿਹਾ ਸੀ।

ਜਾਣਕਾਰੀ ਅਨੁਸਾਰ ਮੁਕੇਸ਼ ਜਿਮ ਵਿੱਚ ਲੈੱਗਜ਼ (ਲੱਤਾਂ) ਦੀ ਕਸਰਤ ਕਰ ਰਿਹਾ ਸੀ ਕਿ ਅਚਾਨਕ ਉਹ ਹੇਠਾਂ ਡਿੱਗ ਪਿਆ। ਉਸ ਦੇ ਡਿੱਗਦੇ ਹੀ ਜਿਮ ਵਿੱਚ ਹਫੜਾ-ਦਫੜੀ ਮਚ ਗਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

5 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ
ਮੁਕੇਸ਼ ਅਤੇ ਸੰਧਿਆ ਦਾ ਇਸੇ ਸਾਲ ਜਨਵਰੀ ਮਹੀਨੇ ਵਿਚ ਪ੍ਰੇਮ ਵਿਆਹ ਹੋਇਆ ਸੀ। ਵਿਆਹ ਨੂੰ ਅਜੇ ਸਿਰਫ਼ 5 ਮਹੀਨੇ ਹੀ ਹੋਏ ਸਨ ਕਿ ਇਸ ਦੁਖਾਂਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੁਕੇਸ਼ ਦਾ ਇੱਕ ਭਰਾ ਅਤੇ ਚਾਰ ਭੈਣਾਂ ਹਨ ਅਤੇ ਉਹ ਖੁਦ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਮਟੌਰ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਜਿਮ ਦੀ ਸੀਸੀਟੀਵੀ (CCTV) ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਜਿਮ ਪ੍ਰਬੰਧਕਾਂ 'ਤੇ ਸਵਾਲ
ਇਸ ਘਟਨਾ ਤੋਂ ਬਾਅਦ ਜਿਮ ਪ੍ਰਬੰਧਨ ਦੀ ਭੂਮਿਕਾ 'ਤੇ ਸਵਾਲ ਉੱਠ ਰਹੇ ਹਨ ਕਿ ਕੀ ਹਾਦਸੇ ਸਮੇਂ ਉੱਥੇ ਕੋਈ ਟ੍ਰੇਨਰ ਮੌਜੂਦ ਸੀ ਜਾਂ ਨਹੀਂ। ਪੁਲਸ ਅਨੁਸਾਰ ਜੇਕਰ ਜਿਮ ਪ੍ਰਬੰਧਨ ਦੀ ਪੱਧਰ 'ਤੇ ਕੋਈ ਲਾਪਰਵਾਹੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ।