ਕੈਨੇਡਾ ਦੇ ਸਟੱਡੀ ਵੀਜ਼ਾ ’ਚ 66 ਫ਼ੀਸਦੀ ਕਟੌਤੀ, ਭਾਰਤੀ ਵਿਦਿਆਰਥੀਆਂ ਲਈ ਵੱਡਾ ਝਟਕਾ

ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਇਹ ਗਿਣਤੀ 55,660 ਸੀ। ਇਹ 66 ਫ਼ੀਸਦੀ ਦੀ ਕਟੌਤੀ ਹੈ।

ਵਿਦੇਸ਼ਾਂ ’ਚ ਸਟੱਡੀ ਲਈ ਕੈਨੇਡਾ ਨੂੰ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ ਪਰ ਉਥੇ ਹੁਣ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਕਾਫੀ ਔਖਾ ਹੋ ਗਿਆ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਜੂਨ 2024 ਤੱਕ ਸਿਰਫ਼ 17,885 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਮਿਲੇ ਹਨ। ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਇਹ ਗਿਣਤੀ 55,660 ਸੀ। ਇਹ 66 ਫ਼ੀਸਦੀ ਦੀ ਕਟੌਤੀ ਹੈ।

ਪਿਛਲੇ ਸਾਲ 45% ਦੇ ਹਿੱਸੇਦਾਰੀ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਹੁਣ 32% ’ਤੇ ਆ ਗਈ ਹੈ। 2023 ਵਿੱਚ ਜਿੱਥੇ 99,950 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਸੀ, ਉਥੇ 2024 'ਚ ਇਹ ਗਿਣਤੀ ਘਟ ਕੇ 47,695 ਰਹਿ ਗਈ।

ਕਿਉਂ ਕੀਤੀ ਗਈ ਕਟੌਤੀ

- ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਰਮਿਟ ਜਾਰੀ ਕਰਨ ਦੀ ਸੀਮਾ ਲਗਾ ਦਿੱਤੀ ਗਈ ਹੈ।

- ਵਿਦੇਸ਼ੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਕਾਰਨ ਰਿਹਾਇਸ਼ ਦੀ ਸਮੱਸਿਆ।

- ਹੈਲਥਕੇਅਰ ਅਤੇ ਹੋਰ ਸੇਵਾਵਾਂ ’ਤੇ ਵਧਦਾ ਬੋਝ।

- ਨਵੀਂ ਨੀਤੀ ਦੇ ਤਹਿਤ ਰਹਿਣ-ਸਹਿਣ ਖ਼ਰਚਾਂ ਦੀ ਪੁਸ਼ਟੀ ਲਾਜ਼ਮੀ।

2025 ਲਈ ਕੁੱਲ ਸਟੱਡੀ ਪਰਮਿਟ ਦੀ ਉੱਚਤਮ ਸੀਮਾ 4,37,000 ਰੱਖੀ ਗਈ ਹੈ, ਜਦਕਿ 2024 'ਚ ਇਹ 4,85,000 ਸੀ। ਨਿਯਮਾਂ ਮੁਤਾਬਕ ਵਿਦਿਆਰਥੀਆਂ ਨੂੰ ਹੁਣ ਸਾਬਤ ਕਰਨਾ ਪਵੇਗਾ ਕਿ ਉਹ ਆਪਣਾ ਰਹਿਣ-ਖਰਚਾ ਖੁਦ ਚਲਾ ਸਕਦੇ ਹਨ।

ਇਸ ਵੱਡੀ ਕਟੌਤੀ ਨਾਲ ਪੰਜਾਬ ਸਮੇਤ ਪੂਰੇ ਭਾਰਤ ਦੇ ਉਹ ਵਿਦਿਆਰਥੀ ਪ੍ਰਭਾਵਿਤ ਹੋਣਗੇ ਜੋ ਕੈਨੇਡਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਦੇ ਸਨ। ਖਾਸ ਕਰਕੇ ਪੰਜਾਬ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਕੈਨੇਡਾ ਲਈ ਅਰਜ਼ੀਆਂ ਦਿੰਦੇ ਹਨ। ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਨਵੀਆਂ ਪਾਬੰਦੀਆਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈਆਂ ਹਨ।