50 ਫੌਜੀ ਜਵਾਨਾਂ ਨੇ ਸ਼ਹੀਦ ਦੀ ਧੀ ਦਾ ਕੀਤਾ ਕੰਨਿਆਦਾਨ, ਨਜ਼ਾਰਾ ਦੇਖ ਲੋਕ ਹੋਏ ਭਾਵੁਕ

ਮੰਗਲਵਾਰ ਨੂੰ ਗ੍ਰੇਟਰ ਨੋਇਡਾ ਦੇ ਡਾਬਰਾ ਪਿੰਡ ਵਿੱਚ ਸ਼ਹੀਦ ਸੁਰੇਸ਼ ਸਿੰਘ ਭਾਟੀ ਦੀ ਧੀ ਮੁਸਕਾਨ ਦਾ ਵਿਆਹ ਕਾਸਨਾ ਪਿੰਡ ਦੇ ਪਵਨ ਚਪਰਾਨਾ ਨਾਲ ਹੋਇਆ।

ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੇ ਪਰਿਵਾਰ ਪ੍ਰਤੀ ਫੌਜ ਦੀ ਵਫ਼ਾਦਾਰੀ ਦੀ ਇੱਕ ਬਹੁਤ ਹੀ ਭਾਵੁਕ ਮਿਸਾਲ ਦੇਖਣ ਨੂੰ ਮਿਲੀ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਆਪਣੇ ਸ਼ਹੀਦ ਸਾਥੀ ਸੁਰੇਸ਼ ਸਿੰਘ ਭਾਟੀ ਦੀ ਧੀ ਦਾ ਕੰਨਿਆਦਾਨ ਕੀਤਾ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ।

ਮੰਗਲਵਾਰ ਨੂੰ ਗ੍ਰੇਟਰ ਨੋਇਡਾ ਦੇ ਡਾਬਰਾ ਪਿੰਡ ਵਿੱਚ ਸ਼ਹੀਦ ਸੁਰੇਸ਼ ਸਿੰਘ ਭਾਟੀ ਦੀ ਧੀ ਮੁਸਕਾਨ ਦਾ ਵਿਆਹ ਕਾਸਨਾ ਪਿੰਡ ਦੇ ਪਵਨ ਚਪਰਾਨਾ ਨਾਲ ਹੋਇਆ। ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੋਂ ਫੌਜ ਦੇ 50 ਜਵਾਨ ਨੋਇਡਾ ਪਹੁੰਚੇ ਸਨ।
ਜਵਾਨਾਂ ਨੇ ਵਿਆਹ ਸਮੇਂ ਨਾ ਸਿਰਫ਼ ਪਿਤਾ ਦੀਆਂ ਸਾਰੀਆਂ ਰਸਮਾਂ ਨਿਭਾਈਆਂ, ਸਗੋਂ ਉਨ੍ਹਾਂ ਨੇ ਫੰਕਸ਼ਨ ਦੀ ਪੂਰੀ ਜ਼ਿੰਮੇਵਾਰੀ ਵੀ ਸੰਭਾਲੀ। ਇਸ ਦ੍ਰਿਸ਼ ਨੂੰ ਦੇਖ ਕੇ ਵਿਆਹ ਵਿੱਚ ਆਏ ਲੋਕ ਭਾਵੁਕ ਹੋ ਗਏ।

ਸ਼ਹੀਦ ਸੁਰੇਸ਼ ਸਿੰਘ ਭਾਟੀ ਦੇ ਭਰਾ ਪਵਨ ਭਾਟੀ ਨੇ ਦੱਸਿਆ ਕਿ ਸੁਰੇਸ਼ ਸਿੰਘ ਭਾਟੀ 2006 ਵਿੱਚ ਕਸ਼ਮੀਰ ਦੇ ਬਾਰਾਮੂਲਾ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਵਿਆਹ ਦੌਰਾਨ, ਫੌਜ ਦੇ ਜਵਾਨਾਂ ਨੇ ਸ਼ਹੀਦ ਸੁਰੇਸ਼ ਭਾਟੀ ਦੀ ਬਹਾਦਰੀ ਦੇ ਕਿੱਸੇ ਵੀ ਸੁਣਾਏ। ਉਨ੍ਹਾਂ ਨੇ ਸ਼ਹੀਦ ਦੇ ਪੁੱਤਰ, ਹਰਸ਼ ਭਾਟੀ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲੇ। ਜ਼ਿਕਰਯੋਗ ਹੈ ਕਿ ਹਰਸ਼ ਭਾਟੀ ਵੀ ਫੌਜ ਵਿੱਚ ਹੈ ਅਤੇ ਇਸ ਸਮੇਂ ਬਾਰਾਮੂਲਾ ਵਿੱਚ ਹੀ ਤਾਇਨਾਤ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਫੌਜੀਆਂ ਵੱਲੋਂ ਨਿਭਾਈ ਗਈ ਇਸ ਜ਼ਿੰਮੇਵਾਰੀ ਕਾਰਨ ਇਹ ਵਿਆਹ ਆਸ-ਪਾਸ ਦੇ ਪਿੰਡਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।