ਮੋਹਾਲੀ ਦੇ ਜ਼ੀਰਕਪੁਰ 'ਚ ਹੋਟਲ ਦੇ ਬਾਹਰ ਦਿਨ-ਦਿਹਾੜੇ 5 ਰਾਊਂਡ ਫਾਇਰਿੰਗ

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਹੋਟਲ ਮਾਲਕ ਦੇ ਪੁੱਤਰ 'ਤੇ ਗੋਲੀਆਂ ਚਲਾਈਆਂ।
ਮੋਹਾਲੀ ਦੇ ਜ਼ੀਰਕਪੁਰ ਵਿੱਚ ਪਟਿਆਲਾ ਹਾਈਵੇਅ 'ਤੇ ਦਿਨ-ਦਿਹਾੜੇ ਇੱਕ ਹੋਟਲ ਦੇ ਸਾਹਮਣੇ ਗੋਲੀਬਾਰੀ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਦੁਪਹਿਰ ਸਵਾ ਇੱਕ ਵਜੇ ਦੇ ਕਰੀਬ ਹੋਟਲ ਐਮਐਮ ਕਰਾਊਨ ਦੇ ਸਾਹਮਣੇ ਵਾਪਰੀ, ਜਿਸ ਕਾਰਨ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ।

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਹੋਟਲ ਮਾਲਕ ਦੇ ਪੁੱਤਰ 'ਤੇ ਗੋਲੀਆਂ ਚਲਾਈਆਂ। ਪੀੜਤ ਦੀ ਪਛਾਣ ਗਗਨ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਯਮੁਨਾ ਨਗਰ ਦਾ ਰਹਿਣ ਵਾਲਾ ਹੈ ਅਤੇ ਹੋਟਲ ਐਮਐਮ ਕਰਾਊਨ ਦੇ ਮਾਲਕ ਦਾ ਪੁੱਤਰ ਹੈ। ਉੱਥੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਕਰੀਬ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ। ਹਾਲਾਂਕਿ ਨਿਸ਼ਾਨਾ ਬਣਾਏ ਗਏ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਗੋਲੀਬਾਰੀ ਵਿੱਚ ਦੋ ਕਾਰਾਂ ਨੁਕਸਾਨੀਆਂ ਗਈਆਂ। ਇੱਕ ਕਾਰ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਗੋਲੀ ਉਨ੍ਹਾਂ ਦੀ ਕਾਰ ਵਿੱਚ ਲੱਗੀ ਸੀ।

ਪੁਲਸ ਅਨੁਸਾਰ, ਹਮਲੇ ਵਿੱਚ ਹਰਿਆਣਾ ਦਾ ਇੱਕ ਗੈਂਗਸਟਰ ਸ਼ਾਮਲ ਹੈ। ਪੀੜਤ ਗਗਨ ਨੇ ਉਸ ਦੀ ਪਛਾਣ ਇਨਾਮੀ ਗੈਂਗਸਟਰ ਸ਼ੁਭਮ ਪੰਡਿਤ ਵਜੋਂ ਕੀਤੀ ਹੈ, ਜੋ ਕਿ ਯਮੁਨਾ ਨਗਰ ਦਾ ਰਹਿਣ ਵਾਲਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸ਼ੁਭਮ ਪੰਡਿਤ ਫਿਲਮ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਹੋਏ ਹਮਲੇ ਵਿੱਚ ਵੀ ਸ਼ਾਮਲ ਸੀ।

ਚਸ਼ਮਦੀਦਾਂ ਨੇ ਦੱਸਿਆ ਕਿ ਆਰੋਪੀ ਮੋਟਰਸਾਈਕਲ 'ਤੇ ਆਇਆ ਸੀ, ਜਿਸ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਆਰੋਪੀ ਨੇ ਆਪਣੇ ਚਿਹਰੇ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ। ਚਸ਼ਮਦੀਦ ਨੇ 112 ਨੰਬਰ 'ਤੇ ਕਾਲ ਕਰਕੇ ਪੁਲਸ ਨੂੰ ਬੁਲਾਇਆ ਸੀ। ਪੁਲਸ ਨੇ ਮੌਕੇ ਤੋਂ ਚਾਰ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਦੀ ਹੋਟਲ ਦੇ ਕਿਸੇ ਮੁਲਾਜ਼ਮ ਨਾਲ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ।