ਸਾਊਦੀ ਅਰਬ 'ਚ ਹੀ 45 ਭਾਰਤੀ ਯਾਤਰੀਆਂ ਨੂੰ ਜਾਵੇਗਾ ਦਫ਼ਨਾਇਆ, ਬੱਸ- ਟੈਂਕਰ ਦੀ ਟੱਕਰ ਨਾਲ ਹੋਈਆਂ ਸਨ ਮੌਤਾਂ

ਇਹ ਹਾਦਸਾ ਮਦੀਨਾ ਤੋਂ ਲਗਭਗ 40 ਕਿਲੋਮੀਟਰ ਦੂਰ ਮੁਹਰਾਸ ਨੇੜੇ ਵਾਪਰਿਆ। ਮੱਕਾ ਤੋਂ ਮਦੀਨਾ ਜਾ ਰਹੀ ਉਮਰਾਹ ਯਾਤਰੀਆਂ ਦੀ ਬੱਸ ਸੜਕ ਦੇ ਕਿਨਾਰੇ ਖੜ੍ਹੀ ਸੀ।
ਸਾਊਦੀ ਅਰਬ ਦੇ ਮੱਕਾ-ਮਦੀਨਾ ਹਾਈਵੇਅ 'ਤੇ ਐਤਵਾਰ ਦੇਰ ਰਾਤ ਹੋਏ ਇੱਕ ਭਿਆਨਕ ਬੱਸ ਹਾਦਸੇ ਵਿੱਚ 45 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਨਾਗਰਿਕ ਉਮਰਾਹ ਲਈ ਸਾਊਦੀ ਅਰਬ ਗਏ ਹੋਏ ਸਨ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਲੋਕ ਹੈਦਰਾਬਾਦ ਦੇ ਰਹਿਣ ਵਾਲੇ ਸਨ।

ਇਹ ਹਾਦਸਾ ਮਦੀਨਾ ਤੋਂ ਲਗਭਗ 40 ਕਿਲੋਮੀਟਰ ਦੂਰ ਮੁਹਰਾਸ ਨੇੜੇ ਵਾਪਰਿਆ। ਮੱਕਾ ਤੋਂ ਮਦੀਨਾ ਜਾ ਰਹੀ ਉਮਰਾਹ ਯਾਤਰੀਆਂ ਦੀ ਬੱਸ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ, ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਫਿਊਲ ਟੈਂਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਸੜ੍ਹ ਗਈ। ਹਾਦਸਾ ਭਾਰਤੀ ਸਮੇਂ ਅਨੁਸਾਰ ਐਤਵਾਰ ਦੇਰ ਰਾਤ 1:30 ਵਜੇ ਦੇ ਕਰੀਬ ਹੋਇਆ, ਜਦੋਂ ਕਈ ਯਾਤਰੀ ਸੁੱਤੇ ਹੋਏ ਸਨ ਅਤੇ ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ।

ਮਾਰੇ ਗਏ 45 ਯਾਤਰੀਆਂ ਵਿੱਚ 18 ਔਰਤਾਂ, 17 ਪੁਰਸ਼ ਅਤੇ 10 ਬੱਚੇ ਸ਼ਾਮਲ ਹਨ। ਇੱਕ ਦੁਖਦਾਈ ਤੱਥ ਇਹ ਹੈ ਕਿ ਮ੍ਰਿਤਕਾਂ ਵਿੱਚੋਂ 18 ਲੋਕ ਇੱਕੋ ਹੀ ਪਰਿਵਾਰ ਦੇ ਸਨ, ਜਿਸ ਵਿੱਚ 9 ਬੱਚੇ ਅਤੇ 9 ਵੱਡੇ ਸ਼ਾਮਲ ਸਨ। ਇਹ ਪਰਿਵਾਰ 22 ਨਵੰਬਰ ਨੂੰ ਭਾਰਤ ਵਾਪਸ ਆਉਣ ਵਾਲਾ ਸੀ।
ਹਾਦਸੇ ਵਿੱਚ ਸਿਰਫ਼ ਇੱਕ ਹੀ ਵਿਅਕਤੀ ਜ਼ਿੰਦਾ ਬਚਿਆ ਹੈ, ਜਿਸ ਦੀ ਪਛਾਣ ਮੁਹੰਮਦ ਅਬਦੁਲ ਸ਼ੋਏਬ (24) ਵਜੋਂ ਹੋਈ ਹੈ। ਉਹ ਡਰਾਈਵਰ ਦੇ ਨੇੜੇ ਬੈਠਾ ਸੀ ਅਤੇ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਵਾਪਸ ਨਹੀਂ ਲਿਆਂਦਾ ਜਾਵੇਗਾ। ਤੇਲੰਗਾਨਾ ਮੰਤਰੀ ਮੰਡਲ ਨੇ ਫੈਸਲਾ ਲਿਆ ਹੈ ਕਿ ਮਾਰੇ ਗਏ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸਾਊਦੀ ਅਰਬ ਵਿੱਚ ਹੀ ਦਫ਼ਨਾਇਆ ਜਾਵੇਗਾ। ਹਰ ਪੀੜਤ ਪਰਿਵਾਰ ਤੋਂ ਦੋ ਲੋਕਾਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸਾਊਦੀ ਅਰਬ ਭੇਜਿਆ ਜਾਵੇਗਾ। ਦਰਅਸਲ, ਸਾਊਦੀ ਕਾਨੂੰਨ ਮੁਤਾਬਕ ਲਾਸ਼ਾਂ ਦੀ ਵਾਪਸੀ ਕਾਫ਼ੀ ਮੁਸ਼ਕਲ ਹੈ। ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ ਅਨੁਸਾਰ, ਤੀਰਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਇੱਕ ਡੈਕਲਾਰੇਸ਼ਨ ਫਾਰਮ 'ਤੇ ਦਸਤਖਤ ਕਰਨੇ ਪੈਂਦੇ ਹਨ, ਜਿਸ ਵਿੱਚ ਸਪੱਸ਼ਟ ਲਿਖਿਆ ਹੁੰਦਾ ਹੈ ਕਿ ਜੇਕਰ ਤੀਰਥ ਯਾਤਰੀ ਦੀ ਮੌਤ ਸਾਊਦੀ ਅਰਬ ਦੀ ਧਰਤੀ 'ਤੇ ਹੁੰਦੀ ਹੈ ਤਾਂ ਲਾਸ਼ ਨੂੰ ਉੱਥੇ ਹੀ ਦਫ਼ਨਾਇਆ ਜਾਵੇਗਾ।

ਮੁਆਵਜ਼ਾ ਅਤੇ ਸਰਕਾਰੀ ਕਾਰਵਾਈ:
ਸਾਊਦੀ ਅਰਬ ਵਿੱਚ ਸੜਕ ਦੁਰਘਟਨਾਵਾਂ ਵਿੱਚ ਸਰਕਾਰ ਵੱਲੋਂ ਕੋਈ ਸਿੱਧਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਮੁਆਵਜ਼ਾ ਤਾਂ ਹੀ ਮਿਲ ਸਕਦਾ ਹੈ ਜਦੋਂ ਪੁਲਸ ਜਾਂਚ ਵਿੱਚ ਟੈਂਕਰ ਡਰਾਈਵਰ ਜਾਂ ਕੰਪਨੀ ਦੀ ਗਲਤੀ ਸਾਬਤ ਹੋਵੇ ਅਤੇ ਪਰਿਵਾਰ ਕਾਨੂੰਨੀ ਦਾਅਵਾ ਦਾਇਰ ਕਰੇ। ਇਹ ਪ੍ਰਕਿਰਿਆ ਕਈ ਮਹੀਨੇ ਲੰਬੀ ਚੱਲ ਸਕਦੀ ਹੈ। ਤੇਲੰਗਾਨਾ ਸਰਕਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਰਿਆਦ ਵਿੱਚ ਭਾਰਤੀ ਦੂਤਾਵਾਸ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕੇਂਦਰ ਸਰਕਾਰ, ਖਾਸ ਕਰਕੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕੀਤੀ ਸੀ ਕਿ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ।