ਮੱਕਾ ਤੋਂ ਮਦੀਨਾ ਜਾ ਰਹੇ 42 ਭਾਰਤੀ ਨਾਗਰਿਕਾਂ ਦੀ ਮੌਤ, ਬੱਸ ਹੋਈ ਹਾਦਸੇ ਦਾ ਸ਼ਿਕਾਰ

ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਹ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਭਿਆਨਕ ਅੱਗ ਲੱਗ ਗਈ।
ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਸਵੇਰੇ ਸਊਦੀ ਅਰਬ ਵਿੱਚ ਮੱਕਾ ਤੋਂ ਮਦੀਨਾ ਜਾ ਰਹੀ ਭਾਰਤੀ ਉਮਰਾਹ ਯਾਤਰੀਆਂ ਦੀ ਇੱਕ ਬੱਸ ਨਾਲ ਭਿਆਨਕ ਹਾਦਸਾ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ।

ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਹ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਹ ਹਾਦਸਾ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੂਰ ਮੁਹਰਾਸ/ਮੁਫ਼ਰੀਹਤ ਦੇ ਨੇੜੇ ਵਾਪਰਿਆ।

ਜਾਣਕਾਰੀ ਅਨੁਸਾਰ, ਇਹ ਦੁਰਘਟਨਾ ਸਵੇਰੇ ਲਗਭਗ 1:30 ਵਜੇ ਵਾਪਰੀ, ਜਦੋਂ ਜ਼ਿਆਦਾਤਰ ਯਾਤਰੀ ਗਹਿਰੀ ਨੀਂਦ ਵਿੱਚ ਸਨ। ਅੱਗ ਲੱਗਣ ਕਾਰਨ ਕਈ ਯਾਤਰੀਆਂ ਨੂੰ ਬਾਹਰ ਨਿਕਲਣ ਦਾ ਕੋਈ ਮੌਕਾ ਨਹੀਂ ਮਿਲਿਆ। ਬੱਸ ਦੇ ਪੂਰੀ ਤਰ੍ਹਾਂ ਸੜ ਜਾਣ ਕਾਰਨ ਮ੍ਰਿਤਕਾਂ ਦੀ ਪਛਾਣ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਚਿੰਤਾਜਨਕ ਹੋ ਸਕਦੀ ਹੈ, ਜਿਸ ਵਿੱਚ ਲਗਭਗ 11 ਔਰਤਾਂ ਅਤੇ 10 ਬੱਚੇ ਸ਼ਾਮਲ ਹਨ (ਅਣਅਧਿਕਾਰਤ ਸੂਤਰ)। ਮ੍ਰਿਤਕਾਂ ਵਿੱਚ ਹੈਦਰਾਬਾਦ ਸਮੇਤ ਕਈ ਭਾਰਤੀ ਉਮਰਾਹ ਸ਼ਰਧਾਲੂ ਸ਼ਾਮਲ ਹਨ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਊਦੀ ਸਿਵਲ ਡਿਫੈਂਸ ਅਤੇ ਪੁਲਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਭਾਰਤੀ ਅਧਿਕਾਰੀਆਂ ਅਤੇ ਉਮਰਾਹ ਏਜੰਸੀਆਂ ਦੇ ਨੁਮਾਇੰਦਿਆਂ ਨੇ ਵੀ ਰਾਹਤ ਅਤੇ ਸੂਚਨਾ ਤਾਲਮੇਲ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਥ ਰੈੱਡੀ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਰਾਜ ਦੇ ਮੁੱਖ ਸਕੱਤਰ ਅਤੇ ਪੁਲਸ ਮਹਾਨਿਦੇਸ਼ਕ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਪਤਾ ਕਰਨ, ਕੇਂਦਰ ਸਰਕਾਰ ਅਤੇ ਸਊਦੀ ਦੂਤਾਵਾਸ ਨਾਲ ਤਾਲਮੇਲ ਕਰਨ ਅਤੇ ਜ਼ਰੂਰਤ ਪੈਣ 'ਤੇ ਤੁਰੰਤ ਰਾਹਤ ਕਾਰਜ ਯਕੀਨੀ ਬਣਾਉਣ ਲਈ ਕਿਹਾ ਹੈ। ਸ਼ਰਧਾਲੂਆਂ ਦੇ ਪਰਿਵਾਰ ਆਪਣੇ ਪਿਆਰਿਆਂ ਦੀ ਸੁਰੱਖਿਅਤ ਯਾਤਰਾ ਦੀ ਉਡੀਕ ਕਰ ਰਹੇ ਸਨ ਪਰ ਹੁਣ ਉਨ੍ਹਾਂ ਲਈ ਇਹ ਪਵਿੱਤਰ ਯਾਤਰਾ ਦੁੱਖ ਅਤੇ ਅਨਿਸ਼ਚਿਤਤਾ ਵਿੱਚ ਬਦਲ ਗਈ ਹੈ।