ਪਠਾਨਕੋਟ 'ਚ ਤੇਜ਼ ਰਫ਼ਤਾਰ ਬੱਸ ਨੇ 4 ਨੂੰ ਕੁਚਲਿਆ; 2 ਨੌਜਵਾਨਾਂ ਦੀ ਮੌਤ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਬੁੱਧਵਾਰ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਤੇਜ਼ ਰਫ਼ਤਾਰ ਨਿੱਜੀ ਬੱਸ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਅਤੇ ਉਸ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਪਠਾਨਕੋਟ : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਬੁੱਧਵਾਰ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਤੇਜ਼ ਰਫ਼ਤਾਰ ਨਿੱਜੀ ਬੱਸ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਅਤੇ ਉਸ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

200 ਫੁੱਟ ਤੱਕ ਘਸੀਟਦਾ ਲੈ ਗਿਆ ਡਰਾਈਵਰ
ਜਾਣਕਾਰੀ ਅਨੁਸਾਰ, 'ਲਕਸ਼ਮੀ ਹੌਲੀਡੇਜ਼' ਦੀ ਬੱਸ (ਨੰਬਰ AR2-0B-0956) ਜਾਲੰਧਰ ਤੋਂ ਜੰਮੂ ਜਾ ਰਹੀ ਸੀ। ਸਵੇਰੇ ਕਰੀਬ 10 ਵਜੇ ਜਦੋਂ ਬੱਸ ਕੌਂਤਰਪੁਰ ਦੇ ਸੰਦੀਪਨੀ ਗੁਰੂਕੁਲ ਸਕੂਲ ਨੇੜੇ ਪਹੁੰਚੀ ਤਾਂ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਸੰਤੁਲਨ ਖੋਹ ਦਿੱਤਾ ਅਤੇ ਸੜਕ ਕਿਨਾਰੇ ਖੜ੍ਹੇ ਲੋਕਾਂ 'ਤੇ ਬੱਸ ਚੜ੍ਹਾ ਦਿੱਤੀ। ਚਸ਼ਮਦੀਦਾਂ ਅਨੁਸਾਰ, ਡਰਾਈਵਰ ਨੇ ਟੱਕਰ ਤੋਂ ਬਾਅਦ ਬੱਸ ਰੋਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਸਕੂਟੀ ਤੇ ਬਾਈਕ ਸਵਾਰਾਂ ਨੂੰ ਕਰੀਬ 200 ਫੁੱਟ ਤੱਕ ਘਸੀਟਦਾ ਲੈ ਗਿਆ।

ਇਸ ਹਾਦਸੇ ਵਿੱਚ ਕੌਂਤਰਪੁਰ ਨਿਵਾਸੀ ਰਣਜੀਤ ਸਿੰਘ (38) ਅਤੇ ਅਰੁਣ ਕੁਮਾਰ (32) ਦੀ ਮੌਤ ਹੋ ਗਈ। ਰਣਜੀਤ ਸਿੰਘ ਆਪਣੇ ਪਿਤਾ ਨਾਲ ਖੇਤੀਬਾੜੀ ਕਰਦਾ ਸੀ ਅਤੇ ਉਸਦੇ ਦੋ ਛੋਟੇ ਬੱਚੇ ਹਨ। ਉੱਥੇ ਹੀ ਅਰੁਣ ਕੁਮਾਰ ਪਿੰਡ ਵਿੱਚ ਹੀ ਟੈਂਟ ਹਾਊਸ ਵਿੱਚ ਕੰਮ ਕਰਦਾ ਸੀ। ਇਸ ਤੋਂ ਇਲਾਵਾ, ਨਪਵਾਲ ਪਿੰਡ ਦੀ ਇੱਕ ਮਹਿਲਾ ਅਤੇ ਉਸ ਦਾ ਬੱਚਾ ਵੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋਏ ਹਨ।

ਡਰਾਈਵਰ-ਕੰਡਕਟਰ ਫ਼ਰਾਰ, ਭੀੜ ਨੇ ਫੂਕੀ ਬੱਸ
ਹਾਦਸੇ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਭੜਕੀ ਪਿੰਡ ਵਾਸੀਆਂ ਦੀ ਭੀੜ ਨੇ ਬੱਸ ਦੀ ਭੰਨ-ਤੋੜ ਕੀਤੀ ਅਤੇ ਉਸ ਨੂੰ ਅੱਗ ਲਗਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।

ਮੌਕੇ 'ਤੇ ਪਹੁੰਚੇ ਐੱਸ.ਪੀ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਫ਼ਰਾਰ ਡਰਾਈਵਰ ਅਤੇ ਬੱਸ ਮਾਲਕ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।