35 ਸਕਿੰਟਾਂ 'ਚ 30 ਵਾਰ! ਬ੍ਰੇਕਅਪ ਤੋਂ ਨਾਰਾਜ਼ ਆਸ਼ਿਕ ਨੇ ਦਫਤਰ 'ਚ ਵੜ ਕੁੜੀ 'ਤੇ ਕੀਤਾ ਹਮਲਾ

ਮੋਹਾਲੀ ਦੇ ਫੇਜ਼ 11 ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਸਿਰਫਿਰੇ ਆਸ਼ਕ ਨੇ ਆਪਣੀ ਪ੍ਰੇਮਿਕਾ ਦਾ ਦਫ਼ਤਰ ਦੇ ਅੰਦਰ ਹੀ ਸ਼ਰੇਆਮ ਕਤਲ ਕਰ ਦਿੱਤਾ।
ਮੋਹਾਲੀ : ਮੋਹਾਲੀ ਦੇ ਫੇਜ਼ 11 ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਸਿਰਫਿਰੇ ਆਸ਼ਕ ਨੇ ਆਪਣੀ ਪ੍ਰੇਮਿਕਾ ਦਾ ਦਫ਼ਤਰ ਦੇ ਅੰਦਰ ਹੀ ਸ਼ਰੇਆਮ ਕਤਲ ਕਰ ਦਿੱਤਾ। ਮ੍ਰਿਤਕ ਲੜਕੀ ਦੀ ਪਛਾਣ ਡਿੰਪਲ (29) ਵਜੋਂ ਹੋਈ ਹੈ, ਜਿਸ 'ਤੇ ਉਸ ਦੇ ਪ੍ਰੇਮੀ ਨੇ ਚਾਕੂ ਨਾਲ ਕਰੀਬ 30 ਵਾਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖੁਦ 'ਤੇ ਵੀ ਚਾਕੂ ਨਾਲ ਹਮਲਾ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ, ਹਮਲਾਵਰ ਦੀ ਪਛਾਣ ਹਰਜਿੰਦਰ ਮਾਨ (34) ਵਜੋਂ ਹੋਈ ਹੈ। ਦੋਵੇਂ ਮੁੰਡਾ-ਕੁੜੀ ਪਟਿਆਲਾ ਦੇ ਰਹਿਣ ਵਾਲੇ ਸਨ ਅਤੇ ਫੇਜ਼ 11 ਦੀ ਇੱਕ ਨਿੱਜੀ ਕੰਪਨੀ ਵਿੱਚ ਇਕੱਠੇ ਨੌਕਰੀ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਸਨ, ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਵਿਚਕਾਰ ਮਨ-ਮੁਟਾਅ ਚੱਲ ਰਿਹਾ ਸੀ। ਅੱਜ ਜਦੋਂ ਹਰਜਿੰਦਰ ਨੇ ਡਿੰਪਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿੱਚ ਆ ਕੇ ਹਰਜਿੰਦਰ ਨੇ ਦਫ਼ਤਰ ਦੇ ਅੰਦਰ ਹੀ ਉਸ ਦੀ ਗਰਦਨ 'ਤੇ ਚਾਕੂਆਂ ਨਾਲ ਤਾਬੜਤੋੜ ਵਾਰ ਕਰ ਦਿੱਤੇ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੇਜ਼ 11 ਦੇ ਮੁਖੀ ਅਮਨ ਬੈਦਵਾਣ ਪੁਲਸ ਪਾਰਟੀ ਅਤੇ ਫੋਰੈਂਸਿਕ ਮਾਹਰਾਂ ਦੀ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਸ ਵੱਲੋਂ ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ। ਹਰਜਿੰਦਰ ਮਾਨ ਇਸ ਵੇਲੇ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।