ਮੀਂਹ ਕਾਰਨ ਲੁਧਿਆਣਾ 'ਚ ਸੜਕ 'ਤੇ ਪਿਆ 30 ਫੁੱਟ ਪਾੜ! ਪਟਿਆਲਾ 'ਚ ਸ਼ੋਅਰੂਮ ਦੀ ਕੰਧ ਡਿੱਗੀ

ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀਰਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਲੁਧਿਆਣਾ ਅਤੇ ਜਲੰਧਰ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਸੜਕਾਂ ਜਲ-ਥਲ ਹੋ ਗਈਆਂ, ਉੱਥੇ ਹੀ ਕਈ ਥਾਵਾਂ 'ਤੇ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।
ਲੁਧਿਆਣਾ/ਪਟਿਆਲਾ : ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀਰਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਲੁਧਿਆਣਾ ਅਤੇ ਜਲੰਧਰ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਸੜਕਾਂ ਜਲ-ਥਲ ਹੋ ਗਈਆਂ, ਉੱਥੇ ਹੀ ਕਈ ਥਾਵਾਂ 'ਤੇ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। 

ਲੁਧਿਆਣਾ ਦੇ ਰਿਸ਼ੀ ਨਗਰ ਵਿੱਚ ਧਸੀ ਸੜਕ
ਲੁਧਿਆਣਾ ਦੇ ਰਿਸ਼ੀ ਨਗਰ ਵਿੱਚ ਮੀਂਹ ਕਾਰਨ ਸੜਕ ਦਾ ਕਰੀਬ 30 ਫੁੱਟ ਲੰਬਾ ਹਿੱਸਾ ਜ਼ਮੀਨ ਵਿੱਚ ਧਸ ਗਿਆ, ਜਿਸ ਨਾਲ ਉੱਥੇ 20 ਫੁੱਟ ਡੂੰਘਾ ਪਾੜ ਪੈ ਗਿਆ ਹੈ। ਇਸ ਭਿਆਨਕ ਪਾੜ ਕਾਰਨ ਨੇੜਲੀਆਂ ਇਮਾਰਤਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਪਟਿਆਲਾ ਵਿੱਚ ਸ਼ੋਅਰੂਮ ਦੀ ਕੰਧ ਡਿੱਗੀ
ਪਟਿਆਲਾ ਦੇ ਮਾਡਲ ਟਾਊਨ ਇਲਾਕੇ ਵਿੱਚ ਵੀ ਬਾਰਿਸ਼ ਨੇ ਨੁਕਸਾਨ ਕੀਤਾ ਹੈ। ਇੱਥੇ ਇੱਕ ਇਲੈਕਟ੍ਰਾਨਿਕ ਸਮਾਨ ਦੇ ਸ਼ੋਰੂਮ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਉਸ ਦੀ ਕੰਧ ਡਿੱਗ ਗਈ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਸ਼ੋਰੂਮ ਦੇ ਅੰਦਰ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

7 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ
ਚੰਡੀਗੜ੍ਹ ਮੌਸਮ ਵਿਭਾਗ ਨੇ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੋਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਮੌਸਮ ਵਿਗਿਆਨੀਆਂ ਅਨੁਸਾਰ ਪੱਛਮੀ ਗੜਬੜੀ ਅਤੇ ਮਾਨਸੂਨ ਟ੍ਰਫ ਕਾਰਨ ਅਗਲੇ 24 ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨੇ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਡੈਮਾਂ ਦੀ ਸਥਿਤੀ ਅਤੇ ਬਿਜਲੀ ਦੀ ਮੰਗ
ਭਾਰੀ ਬਾਰਿਸ਼ ਦੇ ਬਾਵਜੂਦ ਸੂਬੇ ਦੇ ਡੈਮਾਂ ਦਾ ਜਲ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ। ਭਾਖੜਾ ਡੈਮ ਦਾ ਪੱਧਰ 1,607.17 ਫੁੱਟ ਅਤੇ ਪੌਂਗ ਡੈਮ ਦਾ 1,343.6 ਫੁੱਟ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਗਰਮੀ ਅਤੇ ਹੁੰਮਸ ਕਾਰਨ ਰਾਜ ਵਿੱਚ ਬਿਜਲੀ ਦੀ ਮੰਗ 14,603 ਮੈਗਾਵਾਟ ਤੱਕ ਪਹੁੰਚ ਗਈ ਹੈ।