ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ 3 ਦਿਨ ਕੰਮਕਾਜ ਠੱਪ! ਮਿਨੀਸਟੀਰੀਅਲ ਸਟਾਫ਼ ਵੱਲੋਂ 'ਕਲਮ ਛੋੜ' ਹੜਤਾਲ

ਪੰਜਾਬ ਵਿੱਚ ਆਪਣਾ ਸਰਕਾਰੀ ਕੰਮ ਕਰਵਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਜ਼ਰੂਰੀ ਖਬਰ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗਾ। ਪੰਜਾਬ ਸਟੇਟ ਮਿਨੀਸਟੀਰੀਅਲ ਸਰਵਿਸਿਜ਼ ਯੂਨੀਅਨ (PSMSU) ਵੱਲੋਂ ਅੱਜ ਤੋਂ 'ਕਲਮ ਛੋੜ' ਅਤੇ 'ਕੰਪਿਊਟਰ ਸ਼ਟਡਾਊਨ' ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਲੁਧਿਆਣਾ : ਪੰਜਾਬ ਵਿੱਚ ਆਪਣਾ ਸਰਕਾਰੀ ਕੰਮ ਕਰਵਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਜ਼ਰੂਰੀ ਖਬਰ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗਾ। ਪੰਜਾਬ ਸਟੇਟ ਮਿਨੀਸਟੀਰੀਅਲ ਸਰਵਿਸਿਜ਼ ਯੂਨੀਅਨ (PSMSU) ਵੱਲੋਂ ਅੱਜ ਤੋਂ 'ਕਲਮ ਛੋੜ' ਅਤੇ 'ਕੰਪਿਊਟਰ ਸ਼ਟਡਾਊਨ' ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਰੈਲੀ ਵੀ ਕਰਨਗੇ।

1 ਲੱਖ ਤੋਂ ਵੱਧ ਮੁਲਾਜ਼ਮ ਹੜਤਾਲ 'ਤੇ
ਯੂਨੀਅਨ ਅਨੁਸਾਰ ਪੂਰੇ ਪੰਜਾਬ ਵਿੱਚ 1 ਲੱਖ ਤੋਂ ਵੱਧ ਕਲੈਰੀਕਲ ਅਤੇ ਮਿਨੀਸਟੀਰੀਅਲ ਸਟਾਫ਼ ਇਸ ਹੜਤਾਲ ਵਿੱਚ ਸ਼ਾਮਲ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਹੜਤਾਲ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਯੂਨੀਅਨ ਦੀਆਂ ਟੀਮਾਂ ਵੱਲੋਂ ਦਫ਼ਤਰਾਂ ਵਿੱਚ ਅਚਨਚੇਤ ਦੌਰਾ ਵੀ ਕੀਤਾ ਜਾਵੇਗਾ ਅਤੇ ਜੇਕਰ ਕੋਈ ਕਰਮਚਾਰੀ ਕੰਮ ਕਰਦਾ ਪਾਇਆ ਗਿਆ ਤਾਂ ਯੂਨੀਅਨ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ।

ਆਮ ਜਨਤਾ ਨੂੰ ਹੋਵੇਗੀ ਭਾਰੀ ਪਰੇਸ਼ਾਨੀ
ਮਿਨੀਸਟੀਰੀਅਲ ਸਟਾਫ਼ ਦੀ ਇਸ ਹੜਤਾਲ ਕਾਰਨ ਜਨਤਕ ਸੁਵਿਧਾਵਾਂ ਨਾਲ ਜੁੜੇ ਕਈ ਅਹਿਮ ਕੰਮ ਰੁਕ ਜਾਣਗੇ, ਕਿਉਂਕਿ ਫਾਈਲਾਂ ਦੀ ਮੂਵਮੈਂਟ ਅਤੇ ਵੈਰੀਫਿਕੇਸ਼ਨ ਦਾ ਸਾਰਾ ਜ਼ਿੰਮਾ ਇਸੇ ਸਟਾਫ਼ ਕੋਲ ਹੁੰਦਾ ਹੈ। ਹੇਠ ਲਿਖੀਆਂ ਸੇਵਾਵਾਂ ਮੁੱਖ ਤੌਰ 'ਤੇ ਪ੍ਰਭਾਵਿਤ ਰਹਿਣਗੀਆਂ:
ਤਹਿਸੀਲ ਅਤੇ ਪਟਵਾਰ: ਜ਼ਮੀਨਾਂ ਦੀ ਰਜਿਸਟਰੀ, ਐੱਨ.ਓ.ਸੀ, ਇੰਤਕਾਲ ਅਤੇ ਵੱਖ-ਵੱਖ ਤਰ੍ਹਾਂ ਦੇ ਸਰਕਾਰੀ ਸਰਟੀਫਿਕੇਟ (ਜਿਵੇਂ ਜਾਤੀ, ਨਿਵਾਸ ਅਤੇ ਆਮਦਨ ਸਰਟੀਫਿਕੇਟ) ਦਾ ਕੰਮ ਨਹੀਂ ਹੋਵੇਗਾ।
ਟਰਾਂਸਪੋਰਟ ਵਿਭਾਗ: ਆਰ.ਟੀ.ਓ. ਦਫ਼ਤਰਾਂ ਵਿੱਚ ਡਰਾਈਵਿੰਗ ਲਾਇਸੰਸ, ਗੱਡੀਆਂ ਦੀ ਰਜਿਸਟਰੀ ਤੇ ਫਿਟਨੈਸ ਸਰਟੀਫਿਕੇਟ ਬਣਾਉਣ ਦਾ ਕੰਮ ਠੱਪ ਰਹੇਗਾ।
ਸਿਹਤ ਵਿਭਾਗ: ਸਰਕਾਰੀ ਹਸਪਤਾਲਾਂ ਅਤੇ ਦਫ਼ਤਰਾਂ ਵਿੱਚ ਮੈਡੀਕਲ ਬਿੱਲਾਂ ਦੀ ਅਦਾਇਗੀ, ਦਿਵਿਆਂਗ ਸਰਟੀਫਿਕੇਟ ਅਤੇ ਫੂਡ ਸੇਫਟੀ ਨਾਲ ਸਬੰਧਤ ਕੰਮ ਪ੍ਰਭਾਵਿਤ ਹੋਣਗੇ।
ਸੇਵਾ ਕੇਂਦਰਾਂ 'ਤੇ ਅਸਰ: ਹਾਲਾਂਕਿ ਸੇਵਾ ਕੇਂਦਰਾਂ ਵਿੱਚ ਕਾਊਂਟਰ ਖੁੱਲ੍ਹੇ ਰਹਿਣਗੇ ਅਤੇ ਅਰਜ਼ੀਆਂ ਲਈਆਂ ਜਾਣਗੀਆਂ, ਪਰ ਵੱਖ-ਵੱਖ ਵਿਭਾਗਾਂ ਦੇ ਕਲੈਰੀਕਲ ਸਟਾਫ਼ ਦੀ ਹੜਤਾਲ ਕਾਰਨ ਇਨ੍ਹਾਂ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਨਹੀਂ ਹੋ ਸਕੇਗੀ, ਜਿਸ ਕਾਰਨ ਪੈਂਡੈਂਸੀ ਵਧ ਜਾਵੇਗੀ।

ਯੂਨੀਅਨ ਦੇ ਪ੍ਰਧਾਨ ਵਿੱਕੀ ਜੁਨੇਜਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।