ਥਾਈਲੈਂਡ ਤੋਂ 270 ਭਾਰਤੀ ਨਾਗਰਿਕ ਲਿਆਂਦੇ ਗਏ ਵਾਪਸ, ਸਾਈਬਰ ਸਕੈਮ ਸੈਂਟਰਾਂ 'ਚ ਕਰ ਰਹੇ ਸਨ ਕੰਮ

ਮਿਆਂਮਾਰ ਸ਼ਹਿਰ ਤੋਂ ਕੁੱਲ 270 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚ 26 ਔਰਤਾਂ ਵੀ ਸ਼ਾਮਲ ਸਨ।
ਥਾਈਲੈਂਡ ਵਿੱਚ ਸਾਈਬਰ ਸਕੈਮ ਸੈਂਟਰਾਂ ਵਿੱਚ ਕੰਮ ਕਰ ਰਹੇ ਲਗਭਗ 270 ਭਾਰਤੀ ਨਾਗਰਿਕਾਂ ਨੂੰ ਭਾਰਤੀ ਹਵਾਈ ਸੈਨਾ (IAF) ਦੀਆਂ ਦੋ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ ਹੈ। ਬੈਂਕਾਕ ਸਥਿਤ ਭਾਰਤੀ ਦੂਤਾਵਾਸ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਮਿਆਂਮਾਰ ਸ਼ਹਿਰ ਤੋਂ ਕੁੱਲ 270 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚ 26 ਔਰਤਾਂ ਵੀ ਸ਼ਾਮਲ ਸਨ।

ਭਾਰਤੀ ਦੂਤਾਵਾਸ ਨੇ ਦੱਸਿਆ ਕਿ ਵਾਪਸ ਲਿਆਂਦੇ ਗਏ ਸਾਰੇ ਲੋਕ ਹਾਲ ਹੀ ਵਿੱਚ ਮਿਆਂਮਾਰ ਦੇ ਮਿਆਵਾਡੀ ਖੇਤਰ ਤੋਂ ਲੰਘ ਕੇ ਗੈਰ-ਕਾਨੂੰਨੀ ਢੰਗ ਨਾਲ ਥਾਈਲੈਂਡ ਪਹੁੰਚੇ ਸਨ। ਥਾਈਲੈਂਡ ਵਿੱਚ, ਉਹ ਸਾਰੇ ਕਥਿਤ ਤੌਰ 'ਤੇ ਸਾਈਬਰ ਸਕੈਮ ਸੈਂਟਰਾਂ ਵਿੱਚ ਕੰਮ ਕਰ ਰਹੇ ਸਨ। ਇਸੇ ਕਾਰਨ ਥਾਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਵਾਸ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਭਾਰਤ, ਥਾਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਹਿਰਾਸਤ ਵਿੱਚ ਲਏ ਗਏ ਭਾਰਤੀ ਨਾਗਰਿਕਾਂ ਦੀ ਕੌਮੀਅਤ ਦੀ ਪੁਸ਼ਟੀ ਕੀਤੀ ਜਾ ਸਕੇ ਅਤੇ ਥਾਈਲੈਂਡ ਵਿੱਚ ਜ਼ਰੂਰੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾ ਸਕੇ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਅਨੁਸਾਰ, ਕੁਝ ਭਾਰਤੀ ਨਾਗਰਿਕ ਅਜੇ ਵੀ ਮਿਆਂਮਾਰ ਵਿੱਚ ਮੌਜੂਦ ਹਨ। ਇਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਦੂਤਾਵਾਸ ਦੇ ਅਧਿਕਾਰੀ ਲਗਾਤਾਰ ਮਿਆਂਮਾਰ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। 

ਬੈਂਕਾਕ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਇੱਕ ਜ਼ਰੂਰੀ ਸਲਾਹ ਵੀ ਜਾਰੀ ਕੀਤੀ ਹੈ:
1. ਭਾਰਤੀ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦੇਸ਼ ਵਿੱਚ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ, ਪੇਸ਼ਕਸ਼ ਦੇਣ ਵਾਲੇ ਵਿਦੇਸ਼ੀ ਲੋਕਾਂ ਦੀ ਪਛਾਣ ਦੀ ਪੁਸ਼ਟੀ ਜ਼ਰੂਰ ਕਰਨ।
2. ਇਸ ਤੋਂ ਇਲਾਵਾ, ਭਰਤੀ ਏਜੰਟਾਂ ਅਤੇ ਜਿਸ ਕੰਪਨੀ ਤੋਂ ਨੌਕਰੀ ਦਾ ਮੌਕਾ ਮਿਲ ਰਿਹਾ ਹੈ, ਉਸ ਦੇ ਪਿਛਲੇ ਰਿਕਾਰਡ ਦੀ ਜਾਂਚ ਵੀ ਕੀਤੀ ਜਾਵੇ। ਦੂਤਾਵਾਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਧਾਰਕਾਂ ਨੂੰ ਬਿਨਾਂ ਵੀਜ਼ਾ ਦੇ ਥਾਈਲੈਂਡ ਆਉਣ ਦੀ ਸਹੂਲਤ ਸਿਰਫ਼ ਸੈਰ-ਸਪਾਟੇ ਅਤੇ ਘੱਟ ਸਮੇਂ ਦੇ ਵਪਾਰਕ ਉਦੇਸ਼ਾਂ ਲਈ ਦਿੱਤੀ ਗਈ ਹੈ ਅਤੇ ਇਸ ਸਹੂਲਤ ਦੀ ਦੁਰਵਰਤੋਂ ਥਾਈਲੈਂਡ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ।