ਅਬੋਹਰ 'ਚ 1 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਦੇ 2 ਨੌਜਵਾਨ ਗ੍ਰਿਫ਼ਤਾਰ; 3.90 ਲੱਖ ਦੀ ਡਰੱਗ ਮਨੀ ਵੀ ਬਰਾਮਦ

ਪੰਜਾਬ ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਕਦੀ ਸਮੇਤ ਕਾਬੂ ਕੀਤਾ ਹੈ।
ਅਬੋਹਰ : ਪੰਜਾਬ ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਕਦੀ ਸਮੇਤ ਕਾਬੂ ਕੀਤਾ ਹੈ। ਪੁਲਸ ਅਨੁਸਾਰ, ਅਬੋਹਰ-ਸ੍ਰੀਗੰਗਾਨਗਰ ਰੋਡ 'ਤੇ ਪਿੰਡ ਪੰਨੀਵਾਲਾ ਮਹਲਾ ਦੇ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਇਨ੍ਹਾਂ ਸ਼ੱਕੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿੱਲੋ 5 ਗ੍ਰਾਮ ਹੈਰੋਇਨ ਅਤੇ 3 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਯੁਵਰਾਜ ਸਿੰਘ ਅਤੇ ਜਗਜੀਤ ਸਿੰਘ ਵਜੋਂ ਹੋਈ ਹੈ। ਪੁਲਸ ਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜਗਜੀਤ ਸਿੰਘ ਸੂਰਤਗੜ੍ਹ-ਬੀਕਾਨੇਰ ਰੋਡ 'ਤੇ ਇੱਕ ਢਾਬਾ ਚਲਾ ਰਿਹਾ ਸੀ ਅਤੇ ਕਥਿਤ ਤੌਰ 'ਤੇ ਉੱਥੇ ਪੋਸਤ (ਭੁੱਕੀ) ਦੀ ਤਸਕਰੀ ਵਿੱਚ ਵੀ ਸ਼ਾਮਲ ਸੀ। ਜਗਜੀਤ ਦੀ ਮੁਲਾਕਾਤ ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਯੁਵਰਾਜ ਸਿੰਘ ਨਾਲ ਹੋਈ ਸੀ, ਜਿਸ ਤੋਂ ਬਾਅਦ ਉਸਨੇ ਯੁਵਰਾਜ ਨੂੰ ਆਪਣੇ ਢਾਬੇ 'ਤੇ ਕੰਮ 'ਤੇ ਰੱਖ ਲਿਆ। ਪੁਲਸ ਅਨੁਸਾਰ, ਇਨ੍ਹਾਂ ਦੋਵਾਂ ਨੇ ਮਿਲ ਕੇ ਹੈਰੋਇਨ ਦੀ ਤਸਕਰੀ ਕਰਨ ਦੀ ਸਕੀਮ ਬਣਾਈ ਸੀ, ਪਰ ਸੋਮਵਾਰ ਨੂੰ ਅਬੋਹਰ ਨੇੜੇ ਨਾਕੇਬੰਦੀ ਦੌਰਾਨ ਫੜੇ ਗਏ।

ਇਸ ਮਾਮਲੇ ਵਿੱਚ ਅੰਤਰਰਾਸ਼ਟਰੀ ਅਤੇ ਅੱਤਵਾਦੀ ਨੈੱਟਵਰਕ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਪੰਜਾਬ ਦੀ ਸਰਹੱਦ ਤੱਕ ਪਹੁੰਚਾਈ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਸ ਦੇ ਇਨਪੁਟ 'ਤੇ ਉੱਤਰਾਖੰਡ ਤੋਂ ਵੀ ਅੰਮ੍ਰਿਤਸਰ ਦੇ ਇੱਕ ਨੌਜਵਾਨ, ਈਸ਼ਾਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਸਬੰਧ ਅੱਤਵਾਦੀ ਅਤੇ ਤਸਕਰੀ ਨੈੱਟਵਰਕ ਨਾਲ ਹੋਣ ਦੀ ਸ਼ੰਕਾ ਹੈ। ਪੁਲਸ ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਤੱਕ ਪਹੁੰਚਿਆ ਜਾ ਸਕੇ।