ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਨੌਜਵਾਨਾਂ ਦੀ ਮੌਤ, ਸੀਵਰੇਜ ਸਫਾਈ ਦੌਰਾਨ ਵਾਪਰਿਆ ਦਰਦਨਾਕ ਹਾਦਸਾ

ਪਟਿਆਲਾ ਦੇ ਦੀਪ ਨਗਰ ਇਲਾਕੇ ਵਿੱਚ ਮੰਗਲਵਾਰ ਨੂੰ ਸੀਵਰੇਜ ਦੀ ਸਫਾਈ ਕਰਦੇ ਸਮੇਂ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ, ਜਿਸ ਵਿੱਚ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਟਿਆਲਾ : ਪਟਿਆਲਾ ਦੇ ਦੀਪ ਨਗਰ ਇਲਾਕੇ ਵਿੱਚ ਮੰਗਲਵਾਰ ਨੂੰ ਸੀਵਰੇਜ ਦੀ ਸਫਾਈ ਕਰਦੇ ਸਮੇਂ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ, ਜਿਸ ਵਿੱਚ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਬੇਰੁਜ਼ਗਾਰੀ ਕਾਰਨ ਕਰਦੇ ਸਨ ਸਫਾਈ ਦਾ ਕੰਮ
ਜਾਣਕਾਰੀ ਅਨੁਸਾਰ, ਇਹ ਦੋਵੇਂ ਨੌਜਵਾਨ ਬੇਰੁਜ਼ਗਾਰ ਸਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਨਿੱਜੀ ਤੌਰ 'ਤੇ ਲੋਕਾਂ ਦੇ ਘਰਾਂ ਵਿੱਚ ਸੀਵਰੇਜ ਅਤੇ ਨਾਲੀਆਂ ਦੀ ਸਫਾਈ ਦਾ ਕੰਮ ਕਰਦੇ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਦੀਪ ਨਗਰ ਵਿੱਚ ਇੱਕ ਮਕਾਨ ਦੀ ਮੁੱਖ ਸੀਵਰੇਜ ਲਾਈਨ ਨੂੰ ਸਾਫ਼ ਕਰਨ ਲਈ ਉਸ ਦੇ ਅੰਦਰ ਉਤਰੇ ਸਨ। ਸੀਵਰੇਜ ਦੇ ਅੰਦਰ ਬਣੀ ਜ਼ਹਿਰੀਲੀ ਗੈਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਸ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਕੋਲ ਸੀਵਰੇਜ ਸਫਾਈ ਲਈ ਪੱਕੇ ਅਤੇ ਠੇਕੇ 'ਤੇ ਕਰਮਚਾਰੀ ਉਪਲਬਧ ਹਨ, ਪਰ ਇਸ ਦੇ ਬਾਵਜੂਦ ਕਈ ਲੋਕ ਨਿੱਜੀ ਤੌਰ 'ਤੇ ਅਜਿਹੇ ਖ਼ਤਰਨਾਕ ਕੰਮ ਕਰਵਾਉਂਦੇ ਹਨ। ਦੀਪ ਨਗਰ ਦੀ ਇਸ ਘਟਨਾ ਨੇ ਇੱਕ ਵਾਰ ਫਿਰ ਅਜਿਹੇ ਕੰਮਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਘਾਟ ਅਤੇ ਨਿੱਜੀ ਤੌਰ 'ਤੇ ਕਰਵਾਈ ਜਾਂਦੀ ਸਫਾਈ ਦੇ ਖ਼ਤਰਿਆਂ ਨੂੰ ਉਜਾਗਰ ਕਰ ਦਿੱਤਾ ਹੈ।