ਅਮਰੀਕੀ ਹਵਾਈ ਹਮਲਿਆਂ 'ਚ 14 ਹਲਾਕ ਤੇ 78 ਜ਼ਖ਼ਮੀ, ਖਾੜੀ ਦੇਸ਼ਾਂ 'ਚ ਜੰਗਬੰਦੀ ਖ਼ਤਰੇ 'ਚ

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਫੌਜੀ ਟਕਰਾਅ ਬਹੁਤ ਹੀ ਗੰਭੀਰ ਮੋੜ 'ਤੇ ਪਹੁੰਚ ਗਿਆ ਹੈ। ਈਰਾਨ ਦੇ ਸਿਹਤ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਹੋਏ ਅਮਰੀਕੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 78 ਹੋਰ ਜ਼ਖ਼ਮੀ ਹੋਏ ਹਨ।
ਤੇਹਰਾਨ : ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਫੌਜੀ ਟਕਰਾਅ ਬਹੁਤ ਹੀ ਗੰਭੀਰ ਮੋੜ 'ਤੇ ਪਹੁੰਚ ਗਿਆ ਹੈ। ਈਰਾਨ ਦੇ ਸਿਹਤ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਹੋਏ ਅਮਰੀਕੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 78 ਹੋਰ ਜ਼ਖ਼ਮੀ ਹੋਏ ਹਨ। ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਕੇਰਮਨਪੁਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਾਲੀਆ ਹਮਲਿਆਂ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਪਹਿਲਾ ਅਧਿਕਾਰਤ ਅੰਕੜਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਨਵੇਂ ਹਮਲੇ ਕੀਤੇ ਗਏ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਹੋਰਮੂਜ਼ ਵਿਚ ਜਹਾਜ਼ਾਂ 'ਤੇ ਈਰਾਨੀ ਹਮਲਿਆਂ ਨੇ ਨਾਜ਼ੁਕ ਜੰਗਬੰਦੀ ਦੇ ਖ਼ਤਮ ਹੋਣ ਦਾ ਸੰਕੇਤ ਦਿੱਤਾ ਹੈ। ਅਮਰੀਕਾ ਨੇ ਬੁੱਧਵਾਰ ਅਤੇ ਵੀਰਵਾਰ ਤੜਕੇ ਈਰਾਨ ਦੇ ਕਈ ਫੌਜੀ ਟਿਕਾਣਿਆਂ ਅਤੇ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਇਆ।

ਈਰਾਨ ਦੀ ਜਵਾਬੀ ਕਾਰਵਾਈ  
ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਤੇਹਰਾਨ ਨੇ ਗੁਆਂਢੀ ਅਰਬ ਦੇਸ਼ਾਂ ਬਹਿਰੀਨ, ਕੁਵੈਤ ਅਤੇ ਕੱਤਰ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ ਹੈ। ਬਹਿਰੀਨ ਵਿੱਚ, ਜਿੱਥੇ ਅਮਰੀਕੀ ਜਲ ਸੈਨਾ ਦੇ ਪੰਜਵੇਂ ਬੇੜੇ ਦਾ ਮੁੱਖ ਦਫ਼ਤਰ ਸਥਿਤ ਹੈ, ਹਮਲੇ ਦੇ ਖ਼ਤਰੇ ਨੂੰ ਦੇਖਦੇ ਹੋਏ ਦੋ ਵਾਰ ਸਾਇਰਨ ਵਜਾਏ ਗਏ। ਹਾਲਾਂਕਿ, ਇਨ੍ਹਾਂ ਅਰਬ ਦੇਸ਼ਾਂ ਵਿੱਚ ਹਾਲੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਤੁਰੰਤ ਖ਼ਬਰ ਸਾਹਮਣੇ ਨਹੀਂ ਆਈ ਹੈ।

ਖੇਤਰ ਵਿਚ ਦਹਿਸ਼ਤ ਦਾ ਮਾਹੌਲ  
ਵੀਰਵਾਰ ਨੂੰ ਹੋਏ ਹਮਲੇ ਪਿਛਲੇ ਹਮਲਿਆਂ ਦੇ ਮੁਕਾਬਲੇ ਕਾਫੀ ਵੱਡੇ ਅਤੇ ਭਿਆਨਕ ਦੱਸੇ ਜਾ ਰਹੇ ਹਨ। ਅਮਰੀਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਫਾਰਸ ਦੀ ਖਾੜੀ ਵਿੱਚ ਜੰਗ ਨੂੰ ਰੋਕਣ ਲਈ ਕੀਤੇ ਗਏ ਅੰਤਰਿਮ ਸਮਝੌਤੇ ਨੂੰ ਇੱਕ ਵਾਰ ਫਿਰ ਗੰਭੀਰ ਖ਼ਤਰੇ ਵਿੱਚ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਈਰਾਨ ਨੇ ਓਮਾਨ ਦੇ ਤੱਟ ਕੋਲ ਕਈ ਵਪਾਰਕ ਜਹਾਜ਼ਾਂ 'ਤੇ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਅਮਰੀਕਾ ਨੇ ਇਹ ਸਖ਼ਤ ਕਦਮ ਚੁੱਕਿਆ ਹੈ।