ਮਿਆਂਮਾਰ ਵਿੱਚ ਨੌਕਰੀ ਦੇ ਝਾਂਸੇ ਵਿੱਚ ਫਸੇ 125 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ

ਇਹ 125 ਭਾਰਤੀ ਨਾਗਰਿਕ ਮਿਆਂਮਾਰ ਦੇ ਮਿਆਵਾਡੀਖੇਤਰ ਵਿੱਚ ਸਥਿਤ ਸਕੈਮ ਸੈਂਟਰਾਂ ਤੋਂ ਰਿਹਾਅ ਹੋਏ ਸਨ। ਉਨ੍ਹਾਂ ਨੂੰ ਥਾਈਲੈਂਡ ਦੇ ਬਾਰਡਰ ਸ਼ਹਿਰ ਮਾਏ ਸੋਟ (Mae Sot) ਤੋਂ ਵਾਪਸ ਲਿਆਂਦਾ ਗਿਆ।
ਭਾਰਤ ਸਰਕਾਰ ਨੇ ਮਿਆਂਮਾਰ ਦੇ ਸਾਈਬਰ 'ਸਕੈਮ ਸੈਂਟਰਾਂ' ਵਿੱਚ ਫਸੇ ਆਪਣੇ 125 ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਨਾਗਰਿਕਾਂ ਨੂੰ ਇੰਡੀਅਨ ਏਅਰ ਫੋਰਸ (IAF) ਦੇ ਇੱਕ ਸਪੈਸ਼ਲ ਜਹਾਜ਼ ਰਾਹੀਂ ਥਾਈਲੈਂਡ ਤੋਂ ਦੇਸ਼ ਵਾਪਸ ਲਿਆਂਦਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਭਾਰਤੀ ਨਾਗਰਿਕ ਵਿਦੇਸ਼ਾਂ ਵਿੱਚ ਨੌਕਰੀ ਦੇ ਝਾਂਸੇ ਵਿੱਚ ਫਸ ਗਏ ਸਨ।

ਇਹ 125 ਭਾਰਤੀ ਨਾਗਰਿਕ ਮਿਆਂਮਾਰ ਦੇ ਮਿਆਵਾਡੀਖੇਤਰ ਵਿੱਚ ਸਥਿਤ ਸਕੈਮ ਸੈਂਟਰਾਂ ਤੋਂ ਰਿਹਾਅ ਹੋਏ ਸਨ। ਉਨ੍ਹਾਂ ਨੂੰ ਥਾਈਲੈਂਡ ਦੇ ਬਾਰਡਰ ਸ਼ਹਿਰ ਮਾਏ ਸੋਟ (Mae Sot) ਤੋਂ ਵਾਪਸ ਲਿਆਂਦਾ ਗਿਆ। ਇਸ ਤਾਜ਼ਾ ਖੇਪ ਦੇ ਨਾਲ, ਮਾਰਚ 2025 ਤੋਂ ਲੈ ਕੇ ਹੁਣ ਤੱਕ, ਮਿਆਂਮਾਰ ਦੇ ਸਕੈਮ ਸੈਂਟਰਾਂ ਤੋਂ ਰਿਹਾਅ ਕੀਤੇ ਗਏ ਕੁੱਲ 1,500 ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਰਾਹੀਂ ਸਵਦੇਸ਼ ਵਾਪਸ ਲਿਆਂਦਾ ਜਾ ਚੁੱਕਾ ਹੈ। ਬੈਂਕਾਕ ਸਥਿਤ ਭਾਰਤੀ ਦੂਤਾਵਾਸ ਨੇ ਇਸ ਰੈਸਕਿਊ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਰਾਇਲ ਥਾਈ ਸਰਕਾਰ ਅਤੇ ਥਾਈਲੈਂਡ ਦੇ ਟਾਕ ਪ੍ਰੋਵਿੰਸ ਦੀਆਂ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ।

ਇਹਨਾਂ ਭਾਰਤੀਆਂ ਦੇ ਫਸਣ ਦਾ ਮਾਮਲਾ ਪਿਛਲੇ ਮਹੀਨੇ ਚਰਚਾ ਵਿੱਚ ਆਇਆ ਸੀ, ਜਦੋਂ ਮਿਆਂਮਾਰ ਦੇ ਮਿਆਵਾਡੀ ਸ਼ਹਿਰ ਵਿੱਚ ਸਥਿਤ ਕੇਕੇ ਪਾਰਕ ਦੇ ਸਾਈਬਰ ਕ੍ਰਾਈਮ ਹੱਬ 'ਤੇ ਵੱਡੇ ਪੱਧਰ 'ਤੇ ਰੇਡ ਕੀਤੀ ਗਈ ਸੀ। ਇਸ ਕਾਰਵਾਈ ਤੋਂ ਬਾਅਦ 28 ਦੇਸ਼ਾਂ ਦੇ ਲਗਭਗ 1,500 ਲੋਕ, ਜਿਨ੍ਹਾਂ ਵਿੱਚ ਕਰੀਬ 500 ਭਾਰਤੀ ਨਾਗਰਿਕ ਸ਼ਾਮਲ ਸਨ, ਭੱਜ ਕੇ ਥਾਈਲੈਂਡ ਦੇ ਮਾਏ ਸੋਟ ਚਲੇ ਗਏ ਸਨ। ਭਾਰਤ ਨੇ ਇਸ ਤੋਂ ਪਹਿਲਾਂ 6 ਨਵੰਬਰ ਨੂੰ ਵੀ 270 ਨਾਗਰਿਕਾਂ ਨੂੰ 2 ਮਿਲਟਰੀ ਟਰਾਂਸਪੋਰਟ ਜਹਾਜ਼ਾਂ ਦੀ ਮਦਦ ਨਾਲ ਥਾਈਲੈਂਡ ਤੋਂ ਵਾਪਸ ਲਿਆਂਦਾ ਸੀ।

ਨਾਗਰਿਕਾਂ ਦੀ ਰਿਹਾਈ ਤੋਂ ਬਾਅਦ, ਭਾਰਤੀ ਦੂਤਾਵਾਸ ਨੇ ਇੱਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦੇਸ਼ ਵਿੱਚ ਨੌਕਰੀ ਦਾ ਆਫਰ ਸਵੀਕਾਰ ਕਰਨ ਤੋਂ ਪਹਿਲਾਂ, ਵਿਦੇਸ਼ੀ ਮਾਲਕਾਂ  ਦੇ ਪ੍ਰਮਾਣ ਪੱਤਰ ਜ਼ਰੂਰ ਵੈਰੀਫਾਈ ਕਰਨ। ਰਿਕਰੂਟਿੰਗ ਏਜੰਟਾਂ ਅਤੇ ਕੰਪਨੀਆਂ ਦੇ ਪਿਛਲੇ ਰਿਕਾਰਡ ਵੀ ਚੈੱਕ ਕੀਤੇ ਜਾਣੇ ਚਾਹੀਦੇ ਹਨ। ਦੂਤਾਵਾਸ ਨੇ ਖਾਸ ਤੌਰ 'ਤੇ ਚੇਤਾਵਨੀ ਦਿੱਤੀ ਕਿ ਭਾਰਤੀ ਪਾਸਪੋਰਟ ਧਾਰਕਾਂ ਲਈ ਥਾਈਲੈਂਡ ਵਿੱਚ ਵੀਜ਼ਾ-ਫ੍ਰੀ ਐਂਟਰੀ ਸਿਰਫ਼ ਸੈਰ-ਸਪਾਟੇ ਅਤੇ ਛੋਟੇ ਕਾਰੋਬਾਰਾਂ ਲਈ ਹੈ ਅਤੇ ਇਸ ਦਾ ਥਾਈਲੈਂਡ ਵਿੱਚ ਨੌਕਰੀ ਕਰਨ ਲਈ ਗਲਤ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਇਹ ਕਾਰਵਾਈ ਭਾਰਤ ਸਰਕਾਰ ਦੀ ਉਨ੍ਹਾਂ ਕੋਸ਼ਿਸ਼ਾਂ ਦਾ ਹਿੱਸਾ ਹੈ, ਜਿਸ ਤਹਿਤ ਦੱਖਣ-ਪੂਰਬੀ ਏਸ਼ੀਆ ਵਿੱਚ ਸਕੈਮ ਸੈਂਟਰਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।