ਮੂਸੇਵਾਲਾ ਦੇ ਕਾਤਲਾਂ ਦੇ ਮਨਸੂਬੇ ਫੇਲ, ਪੁਲਸ ਦੀ ਵੱਡੀ ਕਾਰਵਾਈ
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਵੱਲੋਂ ਪੰਜਾਬ ‘ਚ ਇੱਕ ਹੋਰ ਵੱਡੀ ਵਾਰਦਾਤ ਕਰਨ ਦੀ ਯੋਜਨਾ ਨੂੰ ਪੰਜਾਬ ਪੁਲਸ ਨੇ ਸਮੇਂ ਸਿਰ ਰੋਕ ਦਿੱਤਾ। ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਐੱਸ.ਏ.ਐੱਸ ਨਗਰ ਪੁਲਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਮੈਂਬਰ ਮਹਿਫੂਜ਼ ਉਰਫ ਵਿਸ਼ਾਲ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੈਂਗਸਟਰ ਵਿਸ਼ਾਲ ਦੀ ਗ੍ਰਿਫ਼ਤਾਰੀ ਨਾਲ ਵੱਡਾ ਖ਼ੁਲਾਸਾ
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮਹਿਫੂਜ਼ ਖ਼ਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦਾ ਸਦੱਸ ਹੈ ਅਤੇ ਸਤੰਬਰ 2024 ਵਿੱਚ ਡੇਰਾ ਬੱਸੀ ਦੇ IELTS ਸੈਂਟਰ ‘ਤੇ ਹੋਈ ਗੋਲੀਬਾਰੀ ਦਾ ਮੁੱਖ ਦੋਸ਼ੀ ਹੈ। ਇਹ ਮੁਲਜ਼ਮ ਉਸ ਘਟਨਾ ਤੋਂ ਬਾਅਦ ਤੋਂ ਫਰਾਰ ਸੀ ਅਤੇ ਹੁਣ ਟ੍ਰਾਈਸਿਟੀ ਵਿੱਚ ਵੱਡੇ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ।
ਅਪਰਾਧਿਕ ਪਿਛੋਕੜ ਅਤੇ ਹਥਿਆਰਾਂ ਦੀ ਖੇਪ
ਜਾਂਚ ਦੌਰਾਨ ਪਤਾ ਲੱਗਾ ਕਿ ਵਿਸ਼ਾਲ 2023 ਤੋਂ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਉਸ ਨੇ ਗੈਂਗਸਟਰ ਜੋਗਿੰਦਰ ਉਰਫ ਜੋਗਾ ਤੋਂ ਹਥਿਆਰਾਂ ਦੀ ਖੇਪ ਇਕੱਠੀ ਕੀਤੀ ਸੀ। ਯਾਦ ਰਹੇ ਕਿ ਜੋਗਾ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਰਿਹਾ ਹੈ। ਮਹਿਫੂਜ਼ ਕੋਲੋਂ ਪੁਲਸ ਨੇ ਇੱਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਸ ਦੀ ਵਚਨਬੱਧਤਾ
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਸੰਗਠਿਤ ਅਪਰਾਧ ਨੂੰ ਮੁੱਕਾਉਣ ਲਈ ਸਚੇ ਦਿਲ ਨਾਲ ਕੰਮ ਕਰ ਰਹੀ ਹੈ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ। ਇਸ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਿਆ ਹੈ।