ਵਿਜੀਲੈਂਸ ਦੀ ਵੱਡੀ ਕਾਰਵਾਈ: ਵਿਧਾਇਕ ਰਮਨ ਅਰੋੜਾ ਖ਼ਿਲਾਫ਼ FIR ਦਰਜ, ਘਰ ਸੀਲ
ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਚ ਭਗਵੰਤ ਮਾਨ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਆਪਣੀ ਹੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਕਾਰਵਾਈ ਕੀਤੀ ਹੈ। ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਵਿਭਾਗ ਵੱਲੋਂ ਰੇਡ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ਨਾਲ ਹੀ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਝੂਠੇ ਨੋਟਿਸਾਂ ਦੇ ਆੜ ‘ਚ ਰਿਸ਼ਵਤਖੋਰੀ
ਰਮਨ ਅਰੋੜਾ ‘ਤੇ ਦੋਸ਼ ਹੈ ਕਿ ਉਹ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਨਾਗਰਿਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ ਅਤੇ ਫਿਰ ਰਿਸ਼ਵਤ ਲੈ ਕੇ ਉਹ ਨੋਟਿਸ ਰੱਦ ਕਰਵਾ ਦਿੰਦਾ ਸੀ। ਇਨ੍ਹਾਂ ਦੋਸ਼ਾਂ ਸੰਬੰਧੀ ਕਈ ਸਿਕਾਇਤਾਂ ਸਰਕਾਰ ਤੱਕ ਪਹੁੰਚੀਆਂ, ਜਿਸ ਉਪਰੰਤ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ।
ਘਰ ਬਾਹਰ ਭਾਰੀ ਪੁਲਸ ਬਲ ਤਾਇਨਾਤ
ਅੱਜ ਹੋਈ ਕਾਰਵਾਈ ਦੌਰਾਨ ਵਿਜੀਲੈਂਸ ਟੀਮ ਵੱਲੋਂ ਰਮਨ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਘਰ ਦੇ ਬਾਹਰ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਭਾਰੀ ਸੰਖਿਆ ‘ਚ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ।
ਸੁਰੱਖਿਆ ਵੀ ਹੋਈ ਸੀ ਵਾਪਸ
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਰਮਨ ਅਰੋੜਾ ਨੂੰ ਦਿੱਤੀ ਗਈ ਸਰਕਾਰੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ। ਇਸ ‘ਤੇ ਰਮਨ ਅਰੋੜਾ ਨੇ ਕਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਸਮਰਪਿਤ ਵਰਕਰ ਹਨ ਅਤੇ ਜੇ ਸਰਕਾਰ ਨੇ ਇਹ ਫੈਸਲਾ ਲਿਆ ਹੈ ਤਾਂ ਉਹ ਇਸਨੂੰ ਸਵੀਕਾਰ ਕਰਦੇ ਹਨ।
ਵਿਜੀਲੈਂਸ ਨੇ ਇਕੱਠੇ ਕੀਤੇ ਸਬੂਤ
ਸੂਤਰਾਂ ਮੁਤਾਬਕ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਏਟੀਪੀ ਸੁਖਦੇਵ ਵਸ਼ਿਸ਼ਠ, ਜੋ ਰਮਨ ਅਰੋੜਾ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਨੂੰ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਵੱਲੋਂ ਇੱਕ ਮਹੀਨੇ ਤੱਕ ਚੱਲੀ ਜਾਂਚ ‘ਚ ਕਈ ਦਸਤਾਵੇਜ਼ ਅਤੇ ਸਬੂਤ ਇਕੱਠੇ ਕੀਤੇ ਗਏ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਵਿਧਾਇਕ ਰਮਨ ਅਰੋੜਾ ਵੀ ਇਸ ਭ੍ਰਿਸ਼ਟਾਚਾਰ ਦੀ ਲੜੀ ਦਾ ਹਿੱਸਾ ਹਨ।
ਅਗਲੇ ਪਗ
ਹੁਣ ਵਿਜੀਲੈਂਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਗੰਭੀਰ ਜਾਂਚ ਚੱਲ ਰਹੀ ਹੈ। ਸਰਕਾਰ ਵੱਲੋਂ ਦਿੱਤਾ ਗਿਆ ਇਹ ਸੰਦੇਸ਼ ਸਾਫ਼ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਭਾਵੇਂ ਦੋਸ਼ੀ ਸਰਕਾਰ ਦੇ ਅੰਦਰੋਂ ਹੀ ਕਿਉਂ ਨਾ ਹੋਣ।