ਜੰਗੀ ਤਣਾਅ ਦੇ ਵਿਚਕਾਰ ਲੱਗੀ ਵੱਡੀ ਪਾਬੰਦੀ, ਵਿਆਹ-ਸ਼ਾਦੀਆਂ ਤੇ ਧਾਰਮਿਕ ਉਤਸਵਾਂ ਦੌਰਾਨ ਆਤਿਸ਼ਬਾਜ਼ੀ ‘ਤੇ ਰੋਕ
ਭਾਰਤ-ਪਾਕਿਸਤਾਨ ਤਣਾਅ ਭਰੀ ਸਥਿਤੀ ਦੇ ਵਿਚਕਾਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਡਾ ਫ਼ੈਸਲਾ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ ਹੁਣ ਵਿਆਹ-ਸ਼ਾਦੀਆਂ, ਧਾਰਮਿਕ ਸਮਾਰੋਹਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਆਤਿਸ਼ਬਾਜ਼ੀ ਕਰਨ ‘ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ।
ਇਹ ਫੈਸਲਾ ਸਿਵਲ ਡਿਫੈਂਸ ਐਕਟ, 1968 ਅਤੇ ਨਾਗਰਿਕਤਾ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਲਿਆ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਜਾਰੀ ਹੁਕਮਾਂ ਅਨੁਸਾਰ, ਜ਼ਿਲ੍ਹੇ ਦੀ ਹੱਦ ਵਿਚ ਕੋਈ ਵੀ ਵਿਅਕਤੀ ਵਿਆਹਾਂ, ਜਨਮਦਿਨਾਂ ਜਾਂ ਧਾਰਮਿਕ ਪ੍ਰੋਗਰਾਮਾਂ ਦੌਰਾਨ ਬੰਬ, ਹਵਾਈ ਪਟਾਖੇ ਜਾਂ ਚਾਇਨੀਜ਼ ਕਰੈਕਰ ਵਰਗੀਆਂ ਆਤਿਸ਼ਬਾਜ਼ੀਆਂ ਨਹੀਂ ਕਰ ਸਕੇਗਾ।
ਅਮਨ ਕਾਨੂੰਨ ਦੀ ਸੁਰੱਖਿਆ ਲਈ ਲਿਆ ਗਿਆ ਕਦਮ
ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪਟਾਖਿਆਂ ਦੇ ਉਪਯੋਗ ਨਾਲ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਨ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦੇ ਖ਼ਦਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਹੈ।
ਹੁਕਮ 7 ਮਈ ਤੋਂ ਲਾਗੂ, ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗਾ ਬੈਨ
ਇਹ ਪਾਬੰਦੀ 7 ਮਈ 2025 ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਚੁੱਕੀ ਹੈ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।