ਨੈਸ਼ਨਲ ਹਾਈਵੇ ’ਤੇ ਨਾਜਾਇਜ਼ ਸ਼ਰਾਬ ਦੇ ਠੇਕੇ ਖ਼ਿਲਾਫ਼ ਵੱਡੀ ਕਾਰਵਾਈ, ਨਗਰ ਕੌਂਸਲ ਨੇ ਦਿੱਤੀ ਸਖ਼ਤ ਚਿਤਾਵਨੀ
ਫਿਲੌਰ ਵਿਚ ਨੈਸ਼ਨਲ ਹਾਈਵੇ ’ਤੇ ਨਾਜਾਇਜ਼ ਤੌਰ ‘ਤੇ ਚੱਲ ਰਹੇ ਇਕ ਸ਼ਰਾਬ ਦੇ ਠੇਕੇ ਨੂੰ ਨਗਰ ਕੌਂਸਲ ਵਲੋਂ ਕਾਰਵਾਈ ਕਰਕੇ ਹਟਾ ਦਿੱਤਾ ਗਿਆ। ਇਹ ਠੇਕਾ ਗੈਰ-ਕਾਨੂੰਨੀ ਤਰੀਕੇ ਨਾਲ ਕੁਝ ਸਮੇਂ ਤੋਂ ਦੁਬਾਰਾ ਖੋਲ੍ਹਿਆ ਗਿਆ ਸੀ, ਜਿਸ ਕਾਰਨ ਇਲਾਕਾ ਵਾਸੀਆਂ ਵੱਲੋਂ ਨਿਰੰਤਰ ਸ਼ਿਕਾਇਤਾਂ ਆ ਰਹੀਆਂ ਸਨ।
ਕਾਰਵਾਈ ਦੌਰਾਨ ਨਗਰ ਕੌਂਸਲ ਦੇ ਈ.ਓ. ਨੇ ਸਪਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਇਸ ਥਾਂ ਉਤੇ ਦੁਬਾਰਾ ਕਬਜ਼ਾ ਕਰਕੇ ਠੇਕਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।
ਮਿਲੀ ਜਾਣਕਾਰੀ ਮੁਤਾਬਕ ਇਹ ਠੇਕਾ ਪਹਿਲਾਂ ਵੀ ਕਈ ਵਾਰੀ ਬੰਦ ਕਰਵਾਇਆ ਗਿਆ ਸੀ, ਪਰ ਕੁਝ ਸਥਾਨਕ ਲੋਕਾਂ ਦੀ ਮਿਲੀਭੁਗਤ ਨਾਲ ਠੇਕੇਦਾਰ ਵੱਲੋਂ ਇਹ ਦੁਬਾਰਾ ਖੋਲ੍ਹਿਆ ਜਾ ਰਿਹਾ ਸੀ। ਇਹ ਠੇਕਾ ਨੈਸ਼ਨਲ ਹਾਈਵੇ ’ਤੇ ਬਿਨਾਂ ਕਿਸੇ ਅਧਿਕਾਰਕ ਮਨਜ਼ੂਰੀ ਦੇ ਬਣਾਇਆ ਗਿਆ ਸੀ, ਜਿਸ ਨਾਲ ਆਮ ਆਵਾਜਾਈ ਲਈ ਖ਼ਤਰਾ ਪੈਦਾ ਹੋ ਰਿਹਾ ਸੀ।
ਇਲਾਕਾ ਵਾਸੀਆਂ ਨੇ ਨਗਰ ਕੌਂਸਲ ਦੀ ਇਸ ਤੁਰੰਤ ਕਾਰਵਾਈ ‘ਤੇ ਸੰਤੋਸ਼ ਜਤਾਇਆ ਅਤੇ ਸਰਕਾਰ ਤੋਂ ਅਜੇਹੀਆਂ ਗਤੀਵਿਧੀਆਂ ਖਿਲਾਫ਼ ਲਗਾਤਾਰ ਕਾਰਵਾਈ ਦੀ ਮੰਗ ਕੀਤੀ।