ਪੰਜਾਬ ਸਰਕਾਰ ਦੀ ਜਾਅਲੀ ਮਾਈਨਿੰਗ ਵੈੱਬਸਾਈਟ ਚਲਾਉਣ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ
ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਤਰਜ਼ ‘ਤੇ ਜਾਅਲੀ ਵੈੱਬਸਾਈਟ ਬਣਾਕੇ ਗੈਰ-ਕਾਨੂੰਨੀ ਮਾਈਨਿੰਗ ‘ਚ ਸ਼ਾਮਲ ਵਾਹਨਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਦੇਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਖਰੜ (ਐੱਸ. ਏ. ਐੱਸ. ਨਗਰ) ਦੇ ਰਹਿਣ ਵਾਲੇ ਗੌਰਵ ਕੁਮਾਰ ਨੇ ਅਸਲ ਵੈੱਬਸਾਈਟ ‘minesgeologypunjab.gov.in’ ਦੀ ਤਰਜ਼ ’ਤੇ ‘minesgeologypunjab.in’ ਨਾਂਅ ਦੀ ਜਾਅਲੀ ਵੈੱਬਸਾਈਟ ਤਿਆਰ ਕੀਤੀ ਸੀ। ਇਸ ਰਾਹੀਂ ਉਨ੍ਹਾਂ ਨੇ ਫਰਜ਼ੀ ਰਸੀਦਾਂ ਤੇ ਮਾਈਨਿੰਗ ਫਾਰਮ ਜਾਰੀ ਕਰਕੇ ਗੈਰ-ਕਾਨੂੰਨੀ ਖਣਨ ਕਰ ਰਹੇ ਵਾਹਨਾਂ ਨੂੰ ਸਹੂਲਤ ਦਿੱਤੀ।
2,000 ਤੋਂ ਵੱਧ ਜਾਅਲੀ ਰਸੀਦਾਂ, 40-50 ਲੱਖ ਦਾ ਨੁਕਸਾਨ
ਨਵੰਬਰ 2024 ‘ਚ ਬਣਾਈ ਗਈ ਇਹ ਵੈੱਬਸਾਈਟ ਜਨਵਰੀ 2025 ਤੱਕ ਕਾਰਜਸ਼ੀਲ ਰਹੀ। ਮੁੱਢਲੀ ਜਾਂਚ ਅਨੁਸਾਰ, ਦੋਸ਼ੀ ਨੇ ਫਿਰੋਜ਼ਪੁਰ ਦੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ 2,000 ਤੋਂ ਵੱਧ ਜਾਅਲੀ ਮਾਈਨਿੰਗ ਰਸੀਦਾਂ ਤਿਆਰ ਕੀਤੀਆਂ, ਜਿਸ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ 40-50 ਲੱਖ ਰੁਪਏ ਦਾ ਨੁਕਸਾਨ ਪਹੁੰਚਿਆ।
ਅਮਰੀਕਾ-ਆਧਾਰਿਤ ‘ਗੋ-ਡੈਡੀ’ ਤੋਂ ਹੋਸਟ ਹੋਈ ਵੈੱਬਸਾਈਟ
ਐ. ਡੀ. ਜੀ. ਪੀ. (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਮੁੱਖ ਇੰਜੀਨੀਅਰ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ‘ਚ ਇਸ ਜਾਅਲੀ ਵੈੱਬਸਾਈਟ ਰਾਹੀਂ ਗੈਰ-ਕਾਨੂੰਨੀ ਮਾਈਨਿੰਗ ਹੋਣ ਦੀ ਗੱਲ ਸਾਹਮਣੇ ਆਈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਵੈੱਬਸਾਈਟ ਅਮਰੀਕਾ-ਆਧਾਰਿਤ ਡੋਮੇਨ ਪ੍ਰੋਵਾਈਡਰ ‘ਗੋ-ਡੈਡੀ’ ਤੇ ਹੋਸਟ ਕੀਤੀ ਗਈ ਸੀ।
ਪੁਲਸ ਨੇ ‘ਗੋ-ਡੈਡੀ’ ਤੇ ਹੋਰ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਦੀ ਮਦਦ ਨਾਲ ਜਾਂਚ ਕੀਤੀ, ਜਿਸ ਵਿੱਚ ਇਹ ਵੈੱਬਸਾਈਟ ਗੌਰਵ ਕੁਮਾਰ ਵੱਲੋਂ ਬਣਾਉਣ ਦੀ ਪੁਸ਼ਟੀ ਹੋਈ। ਡੀ. ਐੱਸ. ਪੀ. ਸਾਈਬਰ ਕ੍ਰਾਈਮ ਸਿਮਰਨਜੀਤ ਸਿੰਘ ਦੀ ਅਗਵਾਈ ‘ਚ ਪੁਲਸ ਟੀਮਾਂ ਨੇ ਮੁਲਜ਼ਮ ਦੇ ਆਈ. ਪੀ. ਐਡਰੈੱਸ ਤੇ ਮੋਬਾਈਲ ਨੰਬਰ ਦੀ ਟ੍ਰੈਕਿੰਗ ਕਰਕੇ ਉਸ ਦੀ ਗ੍ਰਿਫ਼ਤਾਰੀ ਕੀਤੀ।
ਦੂਸਰੇ ਦੋਸ਼ੀ ਦੀ ਪਛਾਣ, ਛਾਪੇਮਾਰੀ ਜਾਰੀ
ਪੁਲਸ ਟੀਮਾਂ ਨੇ ਧੋਖਾਧੜੀ ‘ਚ ਸ਼ਾਮਲ ਹੋਰ ਦੋਸ਼ੀਆਂ ਦੀ ਵੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜਾਅਲੀ ਮਾਈਨਿੰਗ ਫਾਰਮਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਜ਼ਿਆਦਾਤਰ ਫਰਜ਼ੀ ਦਸਤਾਵੇਜ਼ ਲੁਧਿਆਣਾ ਦੀ ‘ਨਵਯੁਗ’ ਨਾਂ ਦੀ ਫਰਮ ਨਾਲ ਜੁੜੇ ਹੋਏ ਹਨ।
ਇਸ ਮਾਮਲੇ ਵਿੱਚ ਐੱਫ. ਆਈ. ਆਰ. ਨੰਬਰ 2, ਮਿਤੀ 11/2/2025, ਪੁਲਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ, ਪੰਜਾਬ ਵਿੱਚ ਦਰਜ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਹੋਰ ਗਹਿਰੀ ਜਾਂਚ ਜਾਰੀ ਹੈ।