ਕਰਤਾਰਪੁਰ ਲਾਂਘਾ ਅਣਸ਼ਚਿਤ ਸਮੇਂ ਲਈ ਬੰਦ, ਭਾਰਤ ਵੱਲੋਂ ਸੰਗਤ ਨੂੰ ਵਾਪਸ ਭੇਜਿਆ ਗਿਆ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਚਲਦੇ ਸੁਰੱਖਿਆ ਕਾਰਨਾਂ ਕਰਕੇ ਅੱਜ ਕਰਤਾਰਪੁਰ ਲਾਂਘੇ ਨੂੰ ਅਣਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਅਧਿਕਾਰੀਆਂ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਕਦਮ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ। ਅੱਜ ਸਵੇਰ ਤੋਂ ਪਾਕਿਸਤਾਨ ਵੱਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਡੀਕ ਰਹੀ ਸੰਗਤ ਨੂੰ ਭਾਰਤੀ ਚੈੱਕ ਪੋਸਟ ਤੋਂ ਹੀ ਵਾਪਸ ਮੋੜ ਦਿੱਤਾ ਗਿਆ।
ਅਧਿਕਾਰੀਆਂ ਅਨੁਸਾਰ, ਤਣਾਅਪੂਰਨ ਹਾਲਾਤਾਂ ਵਿੱਚ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਹਾਲਾਤ ਨਾਰਮਲ ਨਹੀਂ ਹੋ ਜਾਂਦੇ, ਤਦ ਤੱਕ ਸੰਗਤ ਦੇ ਪਾਕਿਸਤਾਨ ਜਾਣ ’ਤੇ ਅਸਥਾਈ ਰੋਕ ਲਾਈ ਗਈ ਹੈ।
ਇਸੇ ਤਣਾਅ ਦੇ ਮੱਦੇਨਜ਼ਰ, ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ 20 ਥਾਵਾਂ ’ਤੇ ਵੱਡੀ ਪੱਧਰੀ ਮੌਕ ਡ੍ਰਿਲ ਕਰਵਾਈ ਜਾਵੇਗੀ। ਇਹ ਥਾਵਾਂ ਹਨ: ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਬਰਨਾਲਾ, ਭਾਖੜਾ ਨੰਗਲ, ਹਲਵਾਰਾ, ਕੋਟਕਪੂਰਾ, ਬਟਾਲਾ, ਮੋਹਾਲੀ, ਅਬੋਹਰ, ਫ਼ਰੀਦਕੋਟ, ਰੋਪੜ ਅਤੇ ਸੰਗਰੂਰ।
ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧ ਰਹੇ ਤਣਾਅ ਅਤੇ ਉੱਭਰ ਰਹੇ ਨਵੇਂ ਖ਼ਤਰਿਆਂ ਨੂੰ ਦੇਖਦੇ ਹੋਏ ਇਹ ਮੌਕ ਡ੍ਰਿਲ ਕਰਵਾਈ ਜਾਵੇ। 1971 ਦੇ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨੇ ਵੱਡੇ ਪੱਧਰ ’ਤੇ ਸੁਰੱਖਿਆ ਅਭਿਆਸ ਹੋਣ ਜਾ ਰਹੇ ਹਨ।