ਇੰਡੀਗੋ ਬਣੀ ਦੁਨੀਆ ਦੀ ਨੰਬਰ 1 ਏਅਰਲਾਈਨ, ਡੈਲਟਾ ਅਤੇ ਰਾਇਨਏਅਰ ਨੂੰ ਪਿੱਛੇ ਛੱਡਿਆ
ਭਾਰਤੀ ਹਵਾਈ ਸੇਵਾ ਕੰਪਨੀ ਇੰਡੀਗੋ ਨੇ ਦੁਨੀਆ ਦੀ ਸਭ ਤੋਂ ਕੀਮਤੀ ਏਅਰਲਾਈਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਬੁੱਧਵਾਰ ਨੂੰ ਇੰਡੀਗੋ ਦੇ ਸ਼ੇਅਰ 5,265 ਰੁਪਏ ਦੇ ਆਲ ਟਾਈਮ ਹਾਈ ‘ਤੇ ਪਹੁੰਚੇ, ਜਿਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 2 ਲੱਖ ਕਰੋੜ ਰੁਪਏ (23.3 ਬਿਲੀਅਨ ਡਾਲਰ) ਹੋ ਗਿਆ। ਇਸ ਮੌਕੇ ‘ਤੇ ਇੰਡੀਗੋ ਨੇ ਅਮਰੀਕਾ ਦੀ ਡੈਲਟਾ ਏਅਰਲਾਈਨਜ਼ ਅਤੇ ਯੂਰਪ ਦੀ ਰਾਇਨਏਅਰ ਵਰਗੀਆਂ ਵਿਸ਼ਵ ਪ੍ਰਸਿੱਧ ਏਅਰਲਾਈਨਾਂ ਨੂੰ ਪਿੱਛੇ ਛੱਡ ਦਿੱਤਾ।
ਇੰਡੀਗੋ ਨੇ ਸਾਲ 2024 ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 13% ਰਿਟਰਨ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਰਹੀ ਕਿ ਜਦੋਂ ਹੋਰ ਭਾਰਤੀ ਸਟਾਕ ਮਾਰਕੀਟਾਂ ਡਿੱਗ ਰਹੀਆਂ ਸਨ, ਉਦੋਂ ਵੀ ਇੰਡੀਗੋ ਨੇ ਆਪਣੀ ਮਜ਼ਬੂਤ ਪਕੜ ਕਾਇਮ ਰੱਖੀ।
ਇੰਡੀਗੋ ਭਾਰਤ ਦੀ ਸਭ ਤੋਂ ਵੱਡੀ ਘੱਟ ਕੀਮਤ ਵਾਲੀ ਏਅਰਲਾਈਨ ਹੈ, ਜਿਸ ਦੀ ਘਰੇਲੂ ਬਾਜ਼ਾਰ ਵਿੱਚ 62% ਹਿੱਸੇਦਾਰੀ ਹੈ। ਕੋਵਿਡ ਮੰਦਭਾਗੇ ਸਮੇਂ ਦੌਰਾਨ ਵਿੱਤੀ ਚੁਣੌਤੀਆਂ ਦੇ ਬਾਵਜੂਦ, ਕੰਪਨੀ ਨੇ ਵਧੀਆ ਵਾਧਾ ਦਰਸਾਈ। ਹਾਲ ਹੀ ਵਿੱਚ 987 ਕਰੋੜ ਦੇ ਨੁਕਸਾਨ ਤੋਂ ਬਾਅਦ ਵੀ ਕੰਪਨੀ ਨੇ ਸ਼ਾਨਦਾਰ ਵਾਪਸੀ ਕੀਤੀ।
ਏਅਰਲਾਈਨ ਗਾਈਡ OAG ਦੇ ਅੰਕੜਿਆਂ ਅਨੁਸਾਰ, ਇੰਡੀਗੋ ਸੀਟ ਸਮਰੱਥਾ ਦੇ ਮਾਮਲੇ ਵਿੱਚ ਕਤਰ ਏਅਰਵੇਜ਼ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਏਅਰਲਾਈਨ ਹੈ। 2024 ਵਿੱਚ ਇਸ ਦੀ ਸੀਟ ਸਮਰੱਥਾ 10.1% ਵਧ ਕੇ 134.9 ਮਿਲੀਅਨ ਹੋ ਗਈ। ਉਡਾਣਾਂ ਦੀ ਬਾਰੰਬਾਰਤਾ 9.7% ਵਧੀ ਅਤੇ ਇਹ 7,49,156 ਉਡਾਣਾਂ ਤੱਕ ਪਹੁੰਚ ਗਈ।
ਇੰਡੀਗੋ ਕੋਲ ਇਸ ਸਮੇਂ 900 ਜਹਾਜ਼ ਹਨ ਅਤੇ 2024 ਵਿੱਚ ਇਸ ਨੂੰ 58 ਨਵੇਂ ਏਅਰਬੱਸ ਜਹਾਜ਼ ਮਿਲਣੇ ਹਨ। ਕੰਪਨੀ ਦੀ 88% ਸਮਰੱਥਾ ਭਾਰਤੀ ਮਾਰਕੀਟ ‘ਤੇ ਕੇਂਦ੍ਰਿਤ ਹੈ, ਪਰ ਅੰਤਰਰਾਸ਼ਟਰੀ ਵਿਕਾਸ ਵੀ ਰਣਨੀਤਿਕ ਤੌਰ ‘ਤੇ ਜ਼ੋਰਦਾਰ ਹੈ। ਵਿਸਥਾਰ ਲਈ ਕੰਪਨੀ ਮੱਧ ਪੂਰਬ ਅਤੇ ਥਾਈਲੈਂਡ ਵਰਗੇ ਖੇਤਰਾਂ ‘ਤੇ ਫੋਕਸ ਕਰ ਰਹੀ ਹੈ।