ਭਾਰਤ ਨੇ ਬਗਲਿਹਾਰ ਤੇ ਸਲਾਲ ਡੈਮ ਦੇ ਗੇਟ ਖੋਲ੍ਹੇ, ਪਾਕਿਸਤਾਨ ਵਿੱਚ ਹੜ੍ਹ ਦੇ ਅਸਾਰ
‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ‘ਤੇ ਇੱਕ ਹੋਰ ਵੱਡਾ ਦਬਾਅ ਬਣਾਉਂਦੇ ਹੋਏ ਬਗਲਿਹਾਰ ਅਤੇ ਸਲਾਲ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਸਰਕਾਰ ਵੱਲੋਂ ਪਾਕਿਸਤਾਨ ਨੂੰ ਪਾਣੀ ਛੱਡਣ ਦੀ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ।
ਸੂਤਰਾਂ ਮੁਤਾਬਕ, ਭਾਰਤ ਨੇ ਇਹ ਕਦਮ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਚਲਾਏ ਗਏ ਫੌਜੀ ਅਭਿਆਨ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਚੁੱਕਿਆ ਹੈ। ਇਸ ਅਭਿਆਨ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ 9 ਅੱਤਵਾਦੀ ਠਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਦੇ ਬਹਾਵਲਪੁਰ ਅਤੇ ਲਸ਼ਕਰ-ਏ-ਤੋਇਬਾ ਦੇ ਮੁਰੀਦਕੇ ਸਥਿਤ ਠਿਕਾਣੇ ਵੀ ਸ਼ਾਮਲ ਸਨ।
ਦੱਸਣਯੋਗ ਹੈ ਕਿ ਇਹ ਫੌਜੀ ਕਾਰਵਾਈ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 26 ਨਿਰਦੋਸ਼ ਨਾਗਰਿਕ ਮਾਰੇ ਗਏ ਸਨ, ਤੋਂ ਦੋ ਹਫ਼ਤੇ ਬਾਅਦ ਕੀਤੀ ਗਈ। ਹਮਲੇ ਦੇ ਤੁਰੰਤ ਬਾਅਦ, ਕੇਂਦਰ ਸਰਕਾਰ ਨੇ 24 ਅਪ੍ਰੈਲ ਨੂੰ ਇਕ ਸਰਬ-ਪਾਰਟੀ ਮੀਟਿੰਗ ਬੁਲਾਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਹਾਲਾਤ ਬਾਰੇ ਜਾਣੂ ਕਰਵਾਇਆ ਸੀ।
ਭਾਰਤ ਵੱਲੋਂ ਡੈਮਾਂ ਦੇ ਗੇਟ ਖੋਲ੍ਹਣ ਨਾਲ ਇੰਡਸ ਵਾਟਰ ਟ੍ਰੀਟੀ ਅਧੀਨ ਮਿਲਦੇ ਹੱਕਾਂ ਦੇ ਤਹਿਤ ਪਾਣੀ ਦੀ ਵਰਤੋਂ ਵਧਾਉਣ ਦੀ ਸੰਭਾਵਨਾ ਹੈ, ਪਰ ਇਸ ਨਾਲ ਪਾਕਿਸਤਾਨ ਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਦੀ ਸੰਭਾਵਨਾ ਵਧ ਗਈ ਹੈ।