ਜਲੰਧਰ ‘ਚ ਮੇਅਰ ਚੋਣ ਨੂੰ ਲੈ ਕੇ ਹਾਈਵੋਲਟੇਜ ਡਰਾਮਾ, ਵੱਡੇ ਕਾਂਗਰਸੀ ਆਗੂ ਰਾਜਿੰਦਰ ਬੇਰੀ ਹਿਰਾਸਤ ‘ਚ
ਜਲੰਧਰ ‘ਚ ਮੇਅਰ ਦੀ ਚੋਣ ਦੌਰਾਨ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਬਹੁਮਤ ਹਾਸਲ ਕਰਨ ਲਈ ‘ਆਪ’ ਵੱਲੋਂ ਹੋਰ ਪਾਰਟੀਆਂ ਦੇ ਜੇਤੂ ਕੌਂਸਲਰਾਂ ਨੂੰ ਆਪਣੇ ਪੱਖ ‘ਚ ਲਿਆਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਦੌਰਾਨ, ਵਾਰਡ ਨੰਬਰ 47 ਦੀ ਕਾਂਗਰਸੀ ਕੌਂਸਲਰ ਮਨਮੀਤ ਕੌਰ ਦੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਰੋਧ ਦੇ ਰੂਪ ਵਿਚ ਕਾਂਗਰਸ ਦੇ ਵੱਡੇ ਆਗੂ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਸਮਰਥਕਾਂ ਨਾਲ ਧਰਨਾ ਦਿੱਤਾ।
ਧਰਨਾ ਮਨਮੀਤ ਕੌਰ ਦੇ ਅਵਾਤਰ ਨਗਰ ਸਥਿਤ ਘਰ ਦੇ ਬਾਹਰ ਲਗਾਇਆ ਗਿਆ। ਕਾਂਗਰਸ ਨੇ ਦੋਸ਼ ਲਗਾਇਆ ਕਿ ਮਨਮੀਤ ਕੌਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਰਾਜਿੰਦਰ ਬੇਰੀ ਅਤੇ ਸਮਰਥਕਾਂ ਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ਵਿਚ ਲੈ ਕੇ ਉਨ੍ਹਾਂ ਨੂੰ ਭਾਰਗੋਂ ਕੈਂਪ ਥਾਣੇ ਵਿਚ ਲਿਆ ਗਿਆ।
ਪੁਲਸ ਸਟੇਸ਼ਨ ਵਿਚ ਵੀ ਕਾਂਗਰਸੀ ਆਗੂਆਂ ਵੱਲੋਂ ਭਾਰੀ ਹੰਗਾਮਾ ਅਤੇ ਨਾਅਰੇਬਾਜ਼ੀ ਕੀਤੀ ਗਈ। ਹਾਲਾਂਕਿ ਕੁਝ ਸਮੇਂ ਬਾਅਦ ਪੁਲਸ ਨੇ ਸਾਰੇ ਆਗੂਆਂ ਨੂੰ ਰਿਹਾਅ ਕਰ ਦਿੱਤਾ। ਕਾਂਗਰਸ ਪਾਰਟੀ ਨੇ ਕੌਂਸਲਰ ਮਨਮੀਤ ਕੌਰ ਦੇ ਕਦਮ ਨੂੰ ਸਖ਼ਤ ਵਿਰੋਧ ਦਾ ਨਿਸ਼ਾਨਾ ਬਣਾਇਆ ਹੈ।