ਬੰਬਾਂ ਵਾਲੇ ਬਿਆਨ ਮਾਮਲੇ ’ਚ ਹਾਈਕੋਰਟ ਵੱਲੋਂ ਪ੍ਰਤਾਪ ਬਾਜਵਾ ਨੂੰ ਰਾਹਤ ਨਹੀਂ, ਪੁਲਸ ਜਾਂਚ ਜਾਰੀ ਰਹੇਗੀ
ਬੰਬਾਂ ਬਾਰੇ ਵਿਵਾਦਤ ਬਿਆਨ ਦੇਣ ਦੇ ਮਾਮਲੇ ‘ਚ ਘਿਰੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੋਈ ਤੁਰੰਤ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਐੱਫ਼.ਆਈ.ਆਰ. ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਪੁਲਸ ਜਾਂਚ ਜਾਰੀ ਰੱਖਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ।
ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਕਿ ਬਾਜਵਾ 22 ਅਪ੍ਰੈਲ ਤੱਕ ਕੋਈ ਵੀ ਬਿਆਨ ਨਹੀਂ ਦੇ ਸਕਦੇ ਅਤੇ ਜਦੋਂ ਵੀ ਪੁਲਸ ਬੁਲਾਏ, ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣਾ ਪਵੇਗਾ। ਹਾਲਾਂਕਿ, ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ 22 ਅਪ੍ਰੈਲ ਤੱਕ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਅਗਲੀ ਸੁਣਵਾਈ 22 ਅਪ੍ਰੈਲ ਨੂੰ ਹੋਵੇਗੀ।
ਇਹ ਮਾਮਲਾ ਤਦ ਉੱਭਰਿਆ ਜਦੋਂ 13 ਅਪ੍ਰੈਲ ਨੂੰ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਪ੍ਰਤਾਪ ਬਾਜਵਾ ਨੇ ਦਾਅਵਾ ਕੀਤਾ ਸੀ ਕਿ “ਪੰਜਾਬ ’ਚ 50 ਗ੍ਰਨੇਡ ਆਏ ਹਨ, ਜਿਨ੍ਹਾਂ ’ਚੋਂ 18 ਚਲ ਚੁੱਕੇ ਹਨ ਅਤੇ 32 ਅਜੇ ਵੀ ਸੂਬੇ ਵਿੱਚ ਮੌਜੂਦ ਹਨ।” ਇਸ ਬਿਆਨ ਤੋਂ ਬਾਅਦ ਉਨ੍ਹਾਂ ਵਿਰੁੱਧ ਮੋਹਾਲੀ ਵਿੱਚ ਮਹਿਲਾ ਪੁਲਸ ਕਰਮਚਾਰੀ ਦੀ ਸ਼ਿਕਾਇਤ ’ਤੇ ਐੱਫ਼.ਆਈ.ਆਰ. ਦਰਜ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਰਵਜੋਤ ਗਰੇਵਾਲ ਆਪਣੀ ਟੀਮ ਨਾਲ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੇ ਅਤੇ ਉਨ੍ਹਾਂ ਕੋਲੋਂ ਬਿਆਨ ਦੇ ਸਰੋਤ ਦੀ ਜਾਣਕਾਰੀ ਮੰਗੀ। ਅਧਿਕਾਰੀਆਂ ਨੇ ਦੱਸਿਆ ਕਿ ਬਾਜਵਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ। ਇਸ ਤੋਂ ਇਲਾਵਾ, ਬੀਤੇ ਦਿਨ ਬਾਜਵਾ ਕੋਲੋਂ ਲਗਭਗ 5.30 ਘੰਟੇ ਪੁੱਛਗਿੱਛ ਵੀ ਕੀਤੀ ਗਈ ਸੀ।