ਲਹਿੰਦੇ ਪੰਜਾਬ ‘ਚ ਹਾਈ ਅਲਰਟ, ਹਵਾਈ ਅੱਡੇ ਬੰਦ, ਹਸਪਤਾਲਾਂ ’ਚ ਐਮਰਜੈਂਸੀ ਐਲਾਨ

ਪਹਿਲਗਾਮ ’ਚ ਹੋਏ ਨਾਗਰਿਕਾਂ ਦੇ ਕਤਲੇਆਮ ਦੇ ਜਵਾਬ ’ਚ ਭਾਰਤ ਵੱਲੋਂ ਕੀਤੇ ਗਏ ‘ਆਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿਚ ਕੀਤੇ ਗਏ ਹਮਲਿਆਂ ਤੋਂ ਬਾਅਦ ਲਹਿੰਦੇ ਪੰਜਾਬ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਚਲਦੇ ਪਾਕਿਸਤਾਨ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕਈ ਤੁਰੰਤ ਐਮਰਜੈਂਸੀ ਕਦਮ ਚੁੱਕੇ ਜਾ ਰਹੇ ਹਨ।

ਹਵਾਈ ਅੱਡੇ ਕੀਤੇ ਗਏ ਬੰਦ

ਪਾਕਿਸਤਾਨ ਦੇ ਹਵਾਈ ਖੇਤਰ ਵਿਚ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ’ਤੇ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ ਤੇ ਬਹੁਤ ਸਾਰੀਆਂ ਉਡਾਣਾਂ ਨੂੰ ਕਰਾਚੀ ਵੱਲ ਮੋੜਿਆ ਗਿਆ ਹੈ। ਸਿਆਲਕੋਟ, ਮੁਲਤਾਨ ਅਤੇ ਹੋਰ ਹਵਾਈ ਅੱਡਿਆਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਹਸਪਤਾਲਾਂ ‘ਚ ਐਮਰਜੈਂਸੀ

ਪੰਜਾਬ ਦੇ ਸਿਹਤ ਮੰਤਰੀ ਖਵਾਜਾ ਇਮਰਾਨ ਨਜ਼ੀਰ ਨੇ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਹਾਈ ਅਲਰਟ ’ਤੇ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਿਸ਼ਤਾਰ ਹਸਪਤਾਲ ਮੁਲਤਾਨ ’ਚ ਐਮਰਜੈਂਸੀ ਐਲਾਨਿਆ ਗਿਆ ਹੈ, ਜਿਥੇ ਸਾਰੇ ਡਾਕਟਰਾਂ ਅਤੇ ਸਟਾਫ ਨੂੰ ਤਤਕਾਲ ਤਾਇਨਾਤ ਕੀਤਾ ਗਿਆ। ਬਹਾਵਲਪੁਰ ’ਚ ਮਦਰੱਸੇ ‘ਤੇ ਹਮਲੇ ਤੋਂ ਬਾਅਦ 14 ਜ਼ਖ਼ਮੀ ਵਿਅਕਤੀ ਬਹਾਵਲ ਵਿਕਟੋਰੀਆ ਹਸਪਤਾਲ ਭੇਜੇ ਗਏ ਹਨ।

ਆਸਮਾਨ ‘ਚ ਜੰਗੀ ਜਹਾਜ਼, ਲੋਕਾਂ ‘ਚ ਡਰ

ਕੋਟ ਮੋਮਿਨ ਅਤੇ ਫੈਸਲਾਬਾਦ ਸਮੇਤ ਕਈ ਇਲਾਕਿਆਂ ’ਚ ਜੰਗੀ ਜਹਾਜ਼ ਉੱਡਦੇ ਵੇਖੇ ਗਏ। ਉੱਚੀ ਆਵਾਜ਼ਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬਹੁਤ ਸਾਰੇ ਨਿਵਾਸੀ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਪਾਕਿਸਤਾਨੀ ਫੌਜ ਵੱਲੋਂ ਚੇਤਾਵਨੀ

ਡੀ. ਜੀ. ਆਈ. ਐੱਸ. ਪੀ. ਆਰ. ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕਿਹਾ ਕਿ “ਭਾਰਤ ਨੂੰ ਚੁੱਕੇ ਕਦਮਾਂ ਦਾ ਸਟੀਕ ਅਤੇ ਸਮੇਂ ਸਿਰ ਜਵਾਬ ਦਿੱਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣੇ ਰਾਖਵੇਂ ਹੱਕ ਅਧੀਨ ਜਵਾਬੀ ਕਾਰਵਾਈ ਦੀ ਤਿਆਰੀ ਕਰ ਲਈ ਹੈ।

Leave a Reply

Your email address will not be published. Required fields are marked *