ਪੰਜਾਬ ‘ਚ ਹਾਈ ਅਲਰਟ, ਸਰਕਾਰੀ ਪ੍ਰੋਗਰਾਮ ਰੱਦ, ਸਕੂਲ ਬੰਦ – ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧ
ਭਾਰਤ ਵੱਲੋਂ ਪਾਕਿਸਤਾਨ ਵਿੱਚ ‘ਆਪਰੇਸ਼ਨ ਸਿੰਦੂਰ’ ਦੇ ਤਹਿਤ ਕੀਤੀ ਗਈ ਏਅਰ ਸਟ੍ਰਾਈਕ ਵਿਚ 9 ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ। ਸੂਤਰਾਂ ਦੇ ਅਨੁਸਾਰ ਇਸ ਕਾਰਵਾਈ ਦੌਰਾਨ ਕਰੀਬ 100 ਅੱਤਵਾਦੀ ਢੇਰ ਹੋਏ ਹਨ। ਇਸ ਕਾਰਵਾਈ ਦੇ ਤਤਕਾਲ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਸੁਰੱਖਿਆ ਪ੍ਰਬੰਧ ਚੋਖੇ ਕਰ ਦਿੱਤੇ ਗਏ ਹਨ।
ਪੰਜ ਸਰਹੱਦੀ ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਅਗਲੇ ਹੁਕਮਾਂ ਤਕ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਾਰੇ ਸਰਕਾਰੀ ਪ੍ਰੋਗਰਾਮ ਰੱਦ
ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਰਵੋਚ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮ ਅੱਜ ਲਈ ਰੱਦ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਵੱਲੋਂ ਜਲੰਧਰ ਵਿੱਚ ਹੋਣ ਵਾਲਾ ਇਕ ਪ੍ਰੋਗਰਾਮ ਵੀ ਅਸਥਾਈ ਤੌਰ ‘ਤੇ ਟਾਲ ਦਿੱਤਾ ਗਿਆ ਹੈ।
ਅੰਮ੍ਰਿਤਸਰ ਏਅਰਪੋਰਟ ’ਚ ਉਡਾਣਾਂ ਰੱਦ, ਯਾਤਰੀਆਂ ਲਈ ਅਗਾਹੀ
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਵੇਰੇ 10 ਵਜੇ ਤਕ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨਕ ਅਧਿਕਾਰੀਆਂ ਮੁਤਾਬਕ, ਇਹ ਸਮਾਂ ਹਾਲਾਤਾਂ ਦੇ ਆਧਾਰ ‘ਤੇ ਵਧਾਇਆ ਵੀ ਜਾ ਸਕਦਾ ਹੈ। ਹੁਣ ਤਕ 22 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਯਾਤਰੀਆਂ ਨੂੰ ਮੈਸੇਜਾਂ ਅਤੇ ਕਾਲਾਂ ਰਾਹੀਂ ਸੂਚਿਤ ਕੀਤਾ ਗਿਆ ਹੈ।
ਅੰਮ੍ਰਿਤਸਰ ਪੁਲਸ ਦੇ ਉਚ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਵਾਈ ਅੱਡੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦੀ ਪੂਸ਼ਟੀ ਜਰੂਰ ਕਰ ਲੈਣ।