ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੰਗਨਾ ਰਣੌਤ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ
ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੇ ਬਿਆਨ ਨਾਲ ਸਿਆਸੀ ਬਹਿਸ ਨੇ ਜਨਮ ਲਿਆ। ਇਸ ਬਾਰੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਨਾਂ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਕੰਗਨਾ ਸਿਰਫ਼ ਇਕ ਅਦਾਕਾਰਾ ਹੈ, ਅਤੇ ਇਸ ਗੱਲ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਉਸ ਨੂੰ ਇਹ ਕਹਿਣ ਲਈ ਕੌਣ ਡਾਇਰੈਕਟ ਕਰ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਇਹ ਬਿਆਨ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ਵਿੱਚ, ਪੰਜਾਬ ਦੇ ਸਰਕਾਰੀ ਹਸਪਤਾਲਾਂ ਲਈ ਹੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਡਾਇਲਸਿਸ ਮਸ਼ੀਨਾਂ ਦੀ ਸ਼ੁਰੂਆਤ ਦੇ ਦੌਰਾਨ ਦਿੱਤਾ। ਉਨ੍ਹਾਂ ਪਟਿਆਲਾ, ਅੰਮ੍ਰਿਤਸਰ, ਜਲੰਧਰ ਤੇ ਹੋਰ ਹਸਪਤਾਲਾਂ ਵਿੱਚ ਵੀ ਇਹ ਸਹੂਲਤਾਂ ਮੁਹੱਈਆ ਕਰਵਾਈਆਂ।
ਜਦੋਂ ਮੰਤਰੀ ਨੂੰ ਕੰਗਨਾ ਦੇ ਬਿਆਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਕੰਗਨਾ ਰਣੌਤ ਤੋਂ ਸਿਰਫ਼ ਇੱਕ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਤਿੰਨ ਖੇਤੀ ਕਾਨੂੰਨਾਂ ਦੇ ਨਾਂ ਦੱਸ ਦੇਵੇ। ਡਾ. ਬਲਬੀਰ ਨੇ ਮੀਡੀਆ ਨੂੰ ਸਲਾਹ ਦਿੱਤੀ ਕਿ ਕੰਗਨਾ ਨੂੰ ਅਜਿਹੀ ਸਿੱਧੀ ਦਿਸ਼ਾ ਕੌਣ ਦੇ ਰਿਹਾ ਹੈ, ਇਹ ਪਤਾ ਲਗਾਇਆ ਜਾਵੇ।
ਪਿਛਲੇ ਦਿਨੀਂ ਕੰਗਨਾ ਨੇ ਕਿਹਾ ਸੀ ਕਿ ਖੇਤੀ ਕਾਨੂੰਨ ਦੁਬਾਰਾ ਲਿਆਂਦੇ ਜਾਣ ਚਾਹੀਦੇ ਹਨ, ਜਿਸ ‘ਤੇ ਭਾਜਪਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਹਨ। ਅੱਜ, ਕੰਗਨਾ ਨੇ ਆਪਣੇ ਬਿਆਨ ਲਈ ਮੁਆਫ਼ੀ ਵੀ ਮੰਗ ਲਈ।