CBSE ਦੇ ਫੈਸਲੇ ’ਤੇ ਗੁਰੂ ਰੰਧਾਵਾ ਦੀ ਪ੍ਰਤੀਕ੍ਰਿਆ, ਪੰਜਾਬੀ ਮਾਂ ਬੋਲੀ ਲਈ ਦਿੱਤਾ ਵੱਡਾ ਬਿਆਨ
CBSE ਵੱਲੋਂ 10ਵੀਂ ਜਮਾਤ ਦੇ ਨਵੇਂ ਪੈਟਰਨ ਦੀ ਘੋਸ਼ਣਾ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਲੈ ਕੇ ਰਾਜਨੀਤੀ ਤਪ ਗਈ ਹੈ। ਪੰਜਾਬ ਸਰਕਾਰ ਅਤੇ ਵੱਖ-ਵੱਖ ਸਿਆਸੀ ਧਿਰਾਂ ਨੇ CBSE ਤੇ ਪੰਜਾਬੀ ਨੂੰ ਹਟਾਉਣ ਦੇ ਦੋਸ਼ ਲਾਏ ਹਨ। ਉਥੇ ਹੀ ਪੰਜਾਬੀ ਕਲਾਕਾਰ ਵੀ ਮਾਂ-ਬੋਲੀ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਰਹੇ ਹਨ।
ਗੁਰੂ ਰੰਧਾਵਾ ਨੇ ਪੰਜਾਬੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਨੇ ਵੀ ਇਸ ਮੁੱਦੇ ‘ਤੇ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ “ਪੰਜਾਬ ਵਿੱਚ ਪੜ੍ਹ ਰਹੇ ਹਰ ਵਿਦਿਆਰਥੀ ਲਈ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਬੋਰਡ ਵਿੱਚ ਪੜ੍ਹਦਾ ਹੋਵੇ।” ਉਨ੍ਹਾਂ ਨੇ ਪੰਜਾਬੀ ਨੂੰ ਆਪਣੀ ਪਛਾਣ ਦੱਸਦਿਆਂ ਕਿਹਾ, “ਅਸੀਂ ਹਰ ਭਾਸ਼ਾ ਦਾ ਆਦਰ ਕਰਦੇ ਹਾਂ, ਪਰ ਪੰਜਾਬੀ ਸਾਡੀ ਸੰਸਕ੍ਰਿਤੀ ਅਤੇ ਮਾਣ ਹੈ। ਮੇਰਾ ਵਜੂਦ ਪੰਜਾਬੀ ਅਤੇ ਪੰਜਾਬੀ ਗੀਤਾਂ ਕਰਕੇ ਹੀ ਹੈ।” ਗੁਰੂ ਰੰਧਾਵਾ ਨੇ ਆਪਣੇ ਆਪ ਨੂੰ “ਮਾਣਮੱਤਾ ਪੇਂਡੂ, ਮਾਣਮੱਤਾ ਪੰਜਾਬੀ ਅਤੇ ਮਾਣਮੱਤਾ ਭਾਰਤੀ” ਦੱਸਦਿਆਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਸਿਆਸੀ ਪਾਰਟੀਆਂ ਦਾ CBSE ‘ਤੇ ਨਿਸ਼ਾਨਾ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ CBSE ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ “CBSE ਨੇ ਪ੍ਰੀਖਿਆ ਪੈਟਰਨ ਵਿੱਚੋਂ ਪੰਜਾਬੀ ਨੂੰ ਜਾਣ-ਬੁੱਝ ਕੇ ਹਟਾਇਆ ਹੈ, ਜੋ ਪੰਜਾਬ ਲਈ ਵੱਡਾ ਝਟਕਾ ਹੈ।” ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇਸ ਮੁੱਦੇ ‘ਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਣਗੇ ਅਤੇ ਲੋੜ ਪੈਣ ‘ਤੇ ਦਿੱਲੀ ਜਾ ਕੇ ਮੁਲਾਕਾਤ ਵੀ ਕਰਨਗੇ।
ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਵੀ CBSE ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ “CBSE ਸਕੂਲਾਂ ਵਿੱਚ ਪੰਜਾਬੀ ਵਿਸ਼ਾ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ।” ਉਨ੍ਹਾਂ ਨੇ ਇਸ ਮਾਮਲੇ ‘ਤੇ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ (BJP) ਅਤੇ ਕੇਂਦਰ ਸਰਕਾਰ ਵਿਰੁੱਧ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ।