ਕਨੇਡਾ ਦੀ ਚਮਕ ਤੋਂ ਪਿੰਡ ਦੀ ਮਿੱਟੀ ਤੱਕ: ਦੋ ਭਰਾਵਾਂ ਦੀ ਵਾਪਸੀ ਦੀ ਸੱਚੀ ਕਹਾਣੀ
ਜਦੋਂ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਦੇਖ ਰਹੇ ਹਨ, ਲੁਧਿਆਣਾ ਦੇ ਪਿੰਡ ਦੇਤਵਾਲ ਦੇ ਧਰਮਵੀਰ ਸਿੰਘ ਅਤੇ ਅਰਸ਼ਵੀਰ ਨੇ ਕਨੇਡਾ ਦੀ ਆਲਿਸ਼ਾਨ ਜ਼ਿੰਦਗੀ ਛੱਡਕੇ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ। ਉਹਨਾਂ ਨੇ ਪਰਮੈਨੈਂਟ ਰੇਜ਼ਿਡੈਂਸੀ (PR) ਅਤੇ ਕਨੇਡਾ ਦੀ ਨਾਗਰਿਕਤਾ ਹੋਣ ਬਾਵਜੂਦ ਪਿੰਡ ਦੀ ਮਿੱਟੀ ਨਾਲ ਜੁੜਨ ਨੂੰ ਤਰਜੀਹ ਦਿੱਤੀ। ਪਰ, ਇਸ ਵਾਪਸੀ ਦੇ ਪਿੱਛੇ ਇੱਕ ਗਹਿਰੀ ਭਾਵਨਾਤਮਕ ਕਹਾਣੀ ਲੁਕੀ ਹੋਈ ਹੈ।
ਮਸ਼ੀਨੀ ਜ਼ਿੰਦਗੀ ਨੇ ਕੀਤਾ ਮਜਬੂਰ
ਧਰਮਵੀਰ ਅਤੇ ਅਰਸ਼ਵੀਰ 2015 ਵਿੱਚ ਕਨੇਡਾ ਪੜ੍ਹਾਈ ਲਈ ਗਏ ਸਨ। ਉਨ੍ਹਾਂ ਨੇ ਮਕੈਨਿਕਲ ਇੰਜੀਨੀਅਰਿੰਗ ‘ਚ ਡਿਪਲੋਮਾ ਕੀਤਾ ਅਤੇ ਸਾਥ ਨਾਲ ਟਰੱਕ ਚਲਾਉਣ ਦਾ ਕੰਮ ਵੀ ਕੀਤਾ। 2020 ਵਿੱਚ, ਉਹਨਾਂ ਨੂੰ ਕਨੇਡਾ ਦੀ ਨਾਗਰਿਕਤਾ ਵੀ ਮਿਲ ਗਈ।
ਬਾਹਰੀ ਤੌਰ ’ਤੇ ਕਮਾਈ, ਸੁਵਿਧਾਵਾਂ, ਅਤੇ ਸੁਰੱਖਿਆ ਸਭ ਕੁਝ ਸੀ, ਪਰ ਜ਼ਿੰਦਗੀ ਵਿੱਚ ਖੁਸ਼ੀ ਅਤੇ ਮਨ ਦਾ ਸਕੂਨ ਨਹੀਂ ਸੀ। “ਉਥੇ ਸਭ ਕੁਝ ਮਸ਼ੀਨੀ ਸੀ—ਸਵੇਰ ਕੰਮ ’ਤੇ ਜਾਣਾ, ਸ਼ਾਮ ਨੂੰ ਥੱਕੇ ਹਾਰੇ ਘਰ ਆਉਣਾ। ਨਾ ਪਰਿਵਾਰ ਲਈ ਸਮਾਂ, ਨਾ ਪੰਜਾਬ ਵਾਲਾ ਮਿੱਠਾ ਮਾਹੌਲ,” ਧਰਮਵੀਰ ਨੇ ਦੱਸਿਆ।
ਪਰਿਵਾਰ ਦੀ ਯਾਦ ਨੇ ਵਾਪਸੀ ਲਈ ਕੀਤਾ ਮਜਬੂਰ
ਕਨੇਡਾ ਵਿੱਚ ਚਮਕਦਾਰ ਸੜਕਾਂ ਅਤੇ ਵਧੀਆ ਜੀਵਨਸ਼ੈਲੀ ਹੋਣ ਬਾਵਜੂਦ, ਉਨ੍ਹਾਂ ਦੀਆਂ ਅੱਖਾਂ ਹਮੇਸ਼ਾ ਪਰਿਵਾਰ ਅਤੇ ਪੰਜਾਬ ਦੀ ਯਾਦ ਵਿੱਚ ਭਿੱਜੀਆਂ ਰਹਿੰਦੀਆਂ ਸਨ। “ਬੜੀਆਂ ਤਕਰੀਬਾਂ, ਖੁਸ਼ੀਆਂ—ਹਰ ਚੀਜ਼ ਫੋਨ ਤੇ ਹੀ ਰਹਿ ਗਈ,” ਅਰਸ਼ਵੀਰ ਨੇ ਭਾਵੁਕ ਹੋ ਕੇ ਕਿਹਾ।
ਪਿੰਡ ਦੀ ਮਿੱਟੀ ਦੀ ਖੁਸ਼ਬੂ ਨੇ ਬੁਲਾਇਆ ਵਾਪਸ
ਪਿਤਾ-ਪੁਰਖਿਆਂ ਦੀ ਖੇਤੀਬਾੜੀ ਨੂੰ ਅੱਗੇ ਵਧਾਉਣ ਦੇ ਫੈਸਲੇ ਨਾਲ, ਧਰਮਵੀਰ ਅਤੇ ਅਰਸ਼ਵੀਰ ਹੁਣ ਭਾਰਤ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਉਹ ਵਿਦੇਸ਼ ‘ਚ ਟਰੱਕ ਚਲਾ ਰਹੇ ਸਨ, ਪਰ ਮੈਂ ਹਮੇਸ਼ਾਂ ਚਾਹੁੰਦਾ ਸੀ ਕਿ ਮੇਰੇ ਬੱਚੇ ਮੇਰੇ ਕੋਲ ਰਹਿਣ। ਹੁਣ ਉਹ ਮੇਰੇ ਨਾਲ ਹਨ, ਇਹੀ ਮੇਰੇ ਲਈ ਸਭ ਤੋਂ ਵੱਡੀ ਦੌਲਤ ਹੈ।”
ਨੌਜਵਾਨਾਂ ਲਈ ਪ੍ਰੇਰਣਾਦਾਇਕ ਸੰਦੇਸ਼
ਧਰਮਵੀਰ ਅਤੇ ਅਰਸ਼ਵੀਰ ਦੀ ਕਹਾਣੀ ਸਿਰਫ਼ ਵਾਪਸੀ ਦੀ ਨਹੀਂ, ਸਗੋਂ ਅਸਲ ਸੁਖ, ਪਿਆਰ ਅਤੇ ਮਨ ਦੀ ਖੁਸ਼ੀ ਨੂ ਤਰਜੀਹ ਦੇਣ ਦੀ ਇੱਕ ਪ੍ਰੇਰਕ ਉਦਾਹਰਨ ਹੈ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ – “ਪੈਸਾ ਸਭ ਕੁਝ ਨਹੀਂ। ਵੱਡਾ ਸਵਾਲ ਇਹ ਹੈ ਕਿ ਤੁਸੀਂ ਆਪਣੇ ਮਨ ਦੀ ਸੁਣਦੇ ਹੋ ਜਾਂ ਮਸ਼ੀਨੀ ਜ਼ਿੰਦਗੀ ਦੇ ਗ਼ੁਲਾਮ ਬਣ ਜਾਂਦੇ ਹੋ?”