ਸਿੰਗਾਪੁਰ ਦੇ ਸਕੂਲ ‘ਚ ਲੱਗੀ ਅੱਗ, ਉੱਪ ਮੁੱਖ ਮੰਤਰੀ ਪਵਨ ਕਲਿਆਣ ਦੇ ਬੇਟੇ ਮਾਰਕ ਸ਼ੰਕਰ ਦੀ ਹਾਲਤ ਨਾਜੁਕ
ਆਂਧਰਾ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਅਤੇ ਜਨ ਸੈਨਾ ਪਾਰਟੀ ਦੇ ਆਗੂ ਪਵਨ ਕਲਿਆਣ ਦੇ ਛੋਟੇ ਬੇਟੇ ਮਾਰਕ ਸ਼ੰਕਰ ਸਿੰਗਾਪੁਰ ਵਿੱਚ ਇੱਕ ਸਕੂਲ ‘ਚ ਲੱਗੀ ਅੱਗ ਕਾਰਨ ਗੰਭੀਰ ਤੌਰ ‘ਤੇ ਝੁਲਸ ਗਏ ਹਨ। ਜਨ ਸੈਨਾ ਪਾਰਟੀ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ, ਮਾਰਕ ਦੇ ਹੱਥ, ਪੈਰ ਅਤੇ ਫੇਫੜੇ ਅੱਗ ਅਤੇ ਧੂੰਏਂ ਕਾਰਨ ਪ੍ਰਭਾਵਿਤ ਹੋਏ ਹਨ।
ਸਿੰਗਾਪੁਰ ਦੇ ਹਸਪਤਾਲ ‘ਚ ਚੱਲ ਰਿਹਾ ਇਲਾਜ
ਪਾਰਟੀ ਨੇ ਦੱਸਿਆ ਕਿ ਮਾਰਕ ਦਾ ਇਲਾਜ ਇਸ ਸਮੇਂ ਸਿੰਗਾਪੁਰ ਦੇ ਇੱਕ ਅਗੇਸਰ ਹਸਪਤਾਲ ‘ਚ ਚੱਲ ਰਿਹਾ ਹੈ। ਡਾਕਟਰੀ ਟੀਮ ਨੇ ਉਨ੍ਹਾਂ ਦੀ ਹਾਲਤ ਨੂੰ ਨਾਜੁਕ ਦੱਸਿਆ ਹੈ, ਪਰ ਉਨ੍ਹਾਂ ਦੀ ਸਿਹਤ ‘ਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ।
ਪਵਨ ਕਲਿਆਣ ਨੇ ਦੌਰਾ ਰੱਦ ਨਹੀਂ ਕੀਤਾ
ਇਸ ਮੌਕੇ ਉੱਪ ਮੁੱਖ ਮੰਤਰੀ ਪਵਨ ਕਲਿਆਣ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਮੈਂ ਆਰਾਕੂ ਘਾਟੀ ਦੇ ਕੁਰੀਡੀ ਪਿੰਡ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗਾ।” ਉਨ੍ਹਾਂ ਕਿਹਾ ਕਿ ਆਦਿਵਾਸੀ ਖੇਤਰ ਵਿੱਚ ਵਿਕਾਸ ਪ੍ਰੋਗਰਾਮ ਦੀ ਸਮੀਖਿਆ ਤੋਂ ਬਾਅਦ ਉਹ ਤੁਰੰਤ ਸਿੰਗਾਪੁਰ ਰਵਾਨਾ ਹੋਣਗੇ।
ਇਸ ਹਾਦਸੇ ਕਾਰਨ ਪਵਨ ਕਲਿਆਣ ਦੇ ਸਮਰਥਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਮਾਰਕ ਦੀ ਸਿਹਤ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।