ਕਿਸਾਨਾਂ ਨੂੰ ਅਗਲੀ ਫਸਲ ਦੀ ਬਜਾਈ ਲਈ ਮੱਕੀ ਅਤੇ ਮੂੰਗੀ ਦਾ ਬੀਜ ਸਬਸਿਡੀ ਉੱਤੇ ਦਿੱਤਾ ਜਾਵੇਗਾ- ਧਾਲੀਵਾਲ

ਬੀਤੇ ਦਿਨੀ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ਹੋਈ ਭਾਰੀ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਜਾਇਜ਼ਾ ਲੈਣ ਅਤੇ ਪੀੜਤ ਕਿਸਾਨਾਂ ਨੂੰ ਮਿਲਣ ਲਈ ਮੌਕੇ ਉੱਤੇ ਪੁੱਜੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਨਾ ਫਸਲਾਂ ਦੀ ਥਾਂ ਮੱਕੀ ਅਤੇ ਮੂੰਗੀ, ਜਿਸ ਦੀ ਬਜਾਈ ਦਾ ਸੀਜਨ ਚੱਲ ਰਿਹਾ ਹੈ, ਦੀ ਬਿਜਾਈ ਕਰਨ ਲਈ ਪੀੜਿਤ ਕਿਸਾਨਾਂ ਨੂੰ ਬੀਜ ਪੰਜਾਬ ਸਰਕਾਰ ਸਬਸਿਡੀ ਉੱਤੇ ਦੇਵੇਗੀ। ਉਹਨਾਂ ਕਿਹਾ ਕਿ ਬੀਤੇ ਦਿਨੀਂ ਉਹਨਾਂ ਇਸ ਬਾਬਤ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਸੀ, ਜਿਨਾਂ ਨੇ ਤੁਰੰਤ ਹੀ ਕਿਸਾਨਾਂ ਦੀ ਗੱਲ ਸੁਣਦੇ ਹੋਏ ਖੇਤੀਬਾੜੀ ਮੰਤਰੀ ਨੂੰ ਹਦਾਇਤ ਕੀਤੀ ਸੀ ਕਿ ਉਹ ਇੰਨਾ ਕਿਸਾਨਾਂ ਲਈ ਬੀਜ ਦਾ ਪ੍ਰਬੰਧ ਕਰਵਾਉਣ। ਉਹਨਾਂ ਕਿਹਾ ਕਿ ਫਸਲਾਂ ਵੇਖ ਕੇ ਮਹਿਸੂਸ ਹੋਇਆ ਹੈ ਕਿ ਇਹ ਕਿਸਾਨਾਂ ਨਾਲ ਸਮੇਂ ਮਾਰ ਹੋ ਗਈ ਹੈ। ਫਸਲਾਂ, ਚਾਰੇ ਅਤੇ ਸਬਜ਼ੀਆਂ ਦਾ ਸੌ ਫੀਸਦੀ ਨੁਕਸਾਨ ਹੋਇਆ ਹੈ। ਹਾਲਾਤ ਅਜਿਹੇ ਬਣੇ ਹਨ ਕਿ ਕਈ ਘਰਾਂ ਵਿੱਚ ਖਾਣ ਜੋਗੀ ਕਣਕ ਅਤੇ ਪਸ਼ੂਆਂ ਲਈ ਤੂੜੀ ਦੀ ਪੰਡ ਵੀ ਇਸ ਹਾੜੀ ਉੱਤੇ ਨਹੀਂ ਆਉਣੀ।
ਉਨਾਂ ਕਿਸਾਨਾਂ ਨਾਲ ਇਸ ਕੁਦਰਤੀ ਕਰੋਪੀ ਲਈ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਤੁਹਾਡੇ ਨਾਲ ਖੜੀ ਹੈ ਅਤੇ ਤੁਹਾਨੂੰ ਫਸਲਾਂ ਦਾ ਮੁਆਵਜ਼ਾ ਬਹੁਤ ਛੇਤੀ ਦੇ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਕਰੀਬ 5 ਹਜਾਰ ਏਕੜ ਰਕਬੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ ਜਿਸ ਵਿੱਚੋਂ ਬਹੁਤੇ ਰਕਬੇ ਵਿੱਚ 100 ਫੀਸਦੀ ਨੁਕਸਾਨ ਹੋਣ ਦੀ ਹੀ ਰਿਪੋਰਟ ਹੈ। ਉਹਨਾਂ ਕਿਹਾ ਕਿ ਸਾਡੀ ਗਿਰਦਾਵਰੀ ਮੁਕੰਮਲ ਹੋ ਚੁੱਕੀ ਹੈ ਅਤੇ ਅਸੀਂ ਕੁਝ ਹੀ ਦਿਨਾਂ ਵਿੱਚ ਇਹ ਮੁਆਵਜ਼ਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿਆਂਗੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜੋ ਕਿ ਗੜੇਮਾਰੀ ਵਾਲੇ ਦਿਨ ਤੋਂ ਹੀ ਇਸ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਅਤੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਖੁਦ ਕਈ ਵਾਰ ਮੌਕਾ ਵੇਖ ਚੁੱਕੇ ਹਨ ਵੱਲੋਂ ਪੀੜਤ ਪਸ਼ੂ ਪਾਲਕਾਂ ਲਈ ਪਸ਼ੂ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਸ ਧਾਲੀਵਾਲ ਨੇ ਅੱਜ ਚੈਨਪੁਰ, ਭਿੱਟੇਵੱਢ ਅਤੇ ਝੰਝੋਟੀ ਪਿੰਡਾਂ ਦਾ ਦੌਰਾ ਕਰਕੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਚੇਅਰਮੈਨ ਪਨਗਰੇਨ ਸ ਬਲਦੇਵ ਸਿੰਘ ਮਿਆਦੀਆਂ , ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਧਾਨ ਸ ਬਲਜਿੰਦਰ ਸਿੰਘ ਢਿੱਲੋਂ , ਐਸਡੀਐਮ ਸ੍ਰੀਮਤੀ ਅਮਨਪ੍ਰੀਤ ਕੌਰ ਘੁੰਮਣ, ਖੇਤੀਬਾੜੀ ਅਧਿਕਾਰੀ ਸਤਵਿੰਦਰ ਸਿੰਘ ਸੰਧੂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ

——ਡਿਪਟੀ ਕਮਿਸ਼ਨਰ ਨੂੰ ਅਸੀਸਾਂ ਦੇਣ ਲੱਗੇ ਕਿਸਾਨ ——
ਜਦੋਂ ਕੈਬਨਿਟ ਮੰਤਰੀ ਕਿਸਾਨਾਂ ਦੀਆਂ ਨੁਕਸਾਨੀ ਗਈਆਂ ਫਸਲਾਂ ਵੇਖ ਰਹੇ ਸਨ, ਤਾਂ ਉਸ ਮੌਕੇ ਇਕੱਠੇ ਹੋਏ ਕਿਸਾਨਾਂ ਦੇ ਵੱਡੇ ਸਮੂਹ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸੀ ਸਾਹਨੀ ਦੀ ਨੂੰ ਅਸੀਸਾਂ ਦਿੰਦੇ ਹੋਏ , ਉਹਨਾਂ ਦੀ ਰਜਵੀਂ ਤਾਰੀਫ ਕੀਤੀ ਕਿ ਇਸ ਸੰਕਟ ਦੀ ਘੜੀ ਬਤੌਰ ਡਿਪਟੀ ਕਮਿਸ਼ਨਰ ਉਹਨਾਂ ਨੇ ਜਿੱਥੇ ਸਾਰੇ ਹਮਲੇ ਨੂੰ ਕਿਸਾਨਾਂ ਦੀ ਸਹਾਇਤਾ ਲਈ ਲਗਾਇਆ ਉਥੇ ਉਹ ਆਪ ਖੁਦ ਮੌਕੇ ਉੱਤੇ ਕਿਸਾਨਾਂ ਨੂੰ ਮਿਲਣ ਪੁੱਜੇ। ਕਿਸਾਨਾਂ ਨੇ ਕੈਬਨਿਟ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਅਜਿਹੇ ਅਧਿਕਾਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੰਮ ਕਰਨ ਲਈ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ, ਤਾਂ ਜੋ ਉਹ ਲੋਕਾਂ ਦੇ ਮਸਲੇ ਹੱਲ ਕਰ ਸਕਣ।

Leave a Reply

Your email address will not be published. Required fields are marked *