ਦਿੱਲੀ ਕੂਚ ਲਈ ਕਿਸਾਨਾਂ ਦੀ ਤਿਆਰੀ ਜ਼ੋਰਾਂ ‘ਤੇ, ਸਰਹੱਦਾਂ ‘ਤੇ ਵਧੀ ਹਲਚਲ
ਨੋਇਡਾ ਅਤੇ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਕਮਰ ਕੱਸ ਚੁੱਕੇ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਮੁਖੀ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਸ਼ੰਭੂ ਸਰਹੱਦ ’ਤੇ ਵੀਰਵਾਰ ਸ਼ਾਮ 6 ਵਜੇ ਤੱਕ ਇਕੱਠਾ ਹੋਣ ਦਾ ਸੱਦਾ ਦਿੱਤਾ ਹੈ।
ਸੋਸ਼ਲ ਮੀਡੀਆ ਦੇ ਜ਼ਰੀਏ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਲੀ ਮਾਰਚ ਲਈ ਕਿਸਾਨਾਂ ਨੂੰ ਜਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸ਼ੰਭੂ ‘ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਲਈ ਪ੍ਰਤਿਬੱਧ ਹਨ ਅਤੇ ਕਿਸੇ ਵੀ ਸਰਕਾਰੀ ਰੋਕਟੋਕ ਤੋਂ ਡਰਨ ਵਾਲੇ ਨਹੀਂ।
ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੂੰ ਦਿੱਲੀ ਕੂਚ ਬਾਰੇ ਜਾਣਕਾਰੀ ਪਹਿਲਾਂ ਹੀ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਜਿਵੇਂ ਕਿ ਬੀ. ਕੇ. ਯੂ. (ਏਕਤਾ-ਆਜ਼ਾਦ), ਬੀ. ਕੇ. ਯੂ. (ਦੋਆਬਾ), ਅਤੇ ਬੀ. ਕੇ. ਯੂ. (ਸ਼ਹੀਦ ਭਗਤ ਸਿੰਘ) ਸਮੇਤ ਕਈ ਅੰਦੋਲਨਕਾਰੀ ਗਰੁੱਪਾਂ ਨੇ ਆਪਣੇ ਸਮਰਥਨ ਦਾ ਭਰੋਸਾ ਦਿੱਤਾ ਹੈ।
ਪੰਧੇਰ ਨੇ ਅੰਦੋਲਨ ਹਮਾਇਤ ਕਰਨ ਵਾਲੀਆਂ ਪੰਚਾਇਤਾਂ, ਜਥੇਬੰਦੀਆਂ, ਅਤੇ ਸਮਾਜਿਕ ਸੰਸਥਾਵਾਂ ਦੇ ਵਰਕਰਾਂ ਦਾ ਧੰਨਵਾਦ ਕੀਤਾ, ਜੋ ਹਰਿਆਣਾ, ਰਾਜਸਥਾਨ, ਅਤੇ ਮੱਧ ਪ੍ਰਦੇਸ਼ ਸਹਿਤ ਕਈ ਰਾਜਾਂ ਤੋਂ ਮਾਰਚ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।