ਪੁਲਸ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹਿਰਾਸਤ ‘ਚ
ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ‘ਚ ਧਰਨੇ ਦੇ ਐਲਾਨ ਤੋਂ ਪਹਿਲਾਂ ਪੁਲਸ ਨੇ ਕਿਸਾਨ ਆਗੂਆਂ ਦੀ ਹਿਰਾਸਤ ਸ਼ੁਰੂ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਰਵ-ਹਿੰਦ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਅੱਜ ਤੜਕੇ ਤਕਰੀਬਨ 2:30 ਵਜੇ ਪੁਲਸ ਨੇ ਡਿਟੇਨ ਕਰ ਲਿਆ।
ਰਾਜੇਵਾਲ ਨੂੰ ਕਿਸੇ ਅਣਜਾਣੇ ਥਾਂ ‘ਤੇ ਲਿਜਾਇਆ ਗਿਆ ਹੈ। ਸਮਰਾਲਾ ਇਲਾਕੇ ‘ਚੋਂ ਹੋਰ 12 ਕਿਸਾਨ ਆਗੂਆਂ ਨੂੰ ਵੀ ਪੁਲਸ ਨੇ ਹਿਰਾਸਤ ‘ਚ ਲੈ ਲਿਆ। ਇਨ੍ਹਾਂ ਨੂੰ ਸਮਰਾਲਾ ਥਾਣੇ ‘ਚ ਰੱਖਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਸਮੇਤ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪੁਲਸ ਦੀ ਹਿਰਾਸਤ ‘ਚ ਹਨ।
ਇਸ ਤੋਂ ਇਲਾਵਾ, ਵੱਖ-ਵੱਖ ਜ਼ਿਲ੍ਹਿਆਂ ‘ਚ ਵੀ ਕਿਸਾਨ ਆਗੂਆਂ ਦੀ ਹਿਰਾਸਤ ਜਾਰੀ ਹੈ। ਪੁਲਸ ਵੱਲੋਂ ਇਹ ਕਾਰਵਾਈ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਤੋਂ ਪਹਿਲਾਂ ਦਬਾਅ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ।